ਫਾਰਚੂਨਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਸੀ-ਭਾਣਜਾ ਜ਼ਖ਼ਮੀ
ਜ਼ੀਰਕਪੁਰ-ਪਟਿਆਲਾ ਰੋਡ 'ਤੇ ਵਾਪਰਿਆ ਸੜਕ ਹਾਦਸਾ; ਫਾਰਚੂਨਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
Publish Date: Tue, 31 Mar 2026 08:26 PM (IST)
Updated Date: Wed, 01 Apr 2026 04:17 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ-ਪਟਿਆਲਾ ਸੜਕ ਤੇ ਸਥਿਤ ਛੱਤ ਲਾਈਟ ਪੁਆਇੰਟ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਵੱਲੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਤੇ ਉਸ ਦੀ ਮਾਸੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਫਿਲਹਾਲ ਦੋਵੇਂ ਜ਼ਖਮੀਆ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਚਰਨ ਸਿੰਘ ਪੁੱਤਰ ਰੰਗਾ ਰਾਮ, ਵਾਸੀ ਪਿੰਡ ਦਿਆਲਪੁਰਾ ਸੋਢੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਮਾਸੀ ਨੂੰ ਬਨੂੜ ਛੱਡਣ ਜਾ ਰਿਹਾ ਸੀ, ਜਦੋਂ ਉਹ ਛੱਤ ਲਾਈਟਾਂ ਪਾਰ ਕਰ ਕੇ ਬਨੂੜ ਵੱਲ ਥੋੜ੍ਹੀ ਦੂਰ ਹੀ ਪਹੁੰਚੇ ਸਨ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਜਣੇ ਸੜਕ ’ਤੇ ਦੂਰ ਜਾ ਡਿੱਗੇ ਤੇ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਏਐੱਸਆਈ ਰਜੀਵ ਕੁਮਾਰ ਨੇ ਦੱਸਿਆ ਕਿ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਫਾਰਚੂਨਰ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫ਼ਰਾਰ ਕਾਰ ਚਾਲਕ ਦੀ ਪਛਾਣ ਕਰ ਕੇ ਉਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।