ਆਰਐੱਮਸੀ ਪੁਆਇੰਟ ਮਾਮਲਾ : ‘ਆਪ’ ਕੌਂਸਲਰ ਦੀ ਅਗਵਾਈ ਹੇਠ ਵਫ਼ਦ ਮੇਅਰ ਨੂੰ ਮਿਲਿਆ ਆਰਐਮਸੀ ਪੁਆਇੰਟ ਮਾਮਲਾ: ‘ਆਪ’ਕੌਂਸਲਰ ਦੀ ਅਗਵਾਈ ਹੇਠ ਵਫ਼ਦ ਮੇਅਰ ਨੂੰ ਮਿਲਿਆ
Publish Date: Sat, 12 Sep 2026 07:46 PM (IST)
Updated Date: Sun, 13 Sep 2026 04:05 AM (IST)
ਫੋਟੋ ਕੈਪਸ਼ਨ: ਮੇਅਰ ਸਰਬਜੀਤ ਸਮਾਣਾ ਨੂੰ ਮਿਲਦੇ ਹੋਏ ਕੌਂਸਲਰ ਅਮਰਜੀਤ ਸਿੰਘ ਤੇ ਹੋਰ। 17ਪੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਵਫ਼ਦ ਨੇ ਮੇਅਰ ਸਰਬਜੀਤ ਸਿੰਘ ਸਮਾਣਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਫੇਜ਼-11 ਨੇੜੇ ਜਗਤਪੁਰਾ ਦੇ ਆਰਐੱਮਸੀ ਪੁਆਇੰਟ ਦੀ ਸਮੱਸਿਆ ਸਮੇਤ ਕੂੜਾ ਪ੍ਰਬੰਧਨ ਤੇ ਲੋਕਾਂ ਨਾਲ ਜੁੜੇ ਹੋਰਨਾਂ ਮਸਲਿਆਂ ਤੇ ਚਰਚਾ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਵੀ ਮੌਜੂਦ ਸਨ। ‘ਆਪ’ ਆਗੂ ਅਮਰਜੀਤ ਸਿੰਘ ਸਮੇਤ ਹੋਰਨਾਂ ਵਿਅਕਤੀਆਂ ਨੇ ਮੇਅਰ ਸਮਾਣਾ ਦੇ ਧਿਆਨ ’ਚ ਲਿਆਂਦਾ ਕਿ ਪਿਛਲੇ ਦਿਨੀਂ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸਬੰਧੀ ਆਰਐੱਮਸੀ ਪੁਆਇੰਟ ਨਾਲ ਸਬੰਧਤ ਬਜਟ ਪਾਸ ਹੋਣ ਦੀਆਂ ਖ਼ਬਰਾਂ ਵੱਖ-ਵੱਖ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ। ਜਿਨ੍ਹਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ’ਚ ਕਈ ਸ਼ੰਕੇ ਪੈਦਾ ਹੋ ਰਹੇ ਹਨ। ਇਸ ਮੌਕੇ ਸੂਬਾ ਸੰਯੁਕਤ ਸਕੱਤਰ ਸਵਰਨ ਲਤਾ, ਰਣਜੀਤ ਸਿੰਘ ਢਿੱਲੋਂ, ਬਲਾਕ ਪ੍ਰਧਾਨ ਤਰੁਨਜੀਤ ਸਿੰਘ, ਸ੍ਰੀਮਤੀ ਮਨਵੀਰ ਕੌਰ, ਰਮਨਦੀਪ ਸਿੰਘ, ਅਰਵਿੰਦਰ ਪਾਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੇਅਰ ਸਰਬਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਜਿਸ ਐਸਟੀਮੇਟ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਅਜਿਹਾ ਕੋਈ ਵੀ ਐਸਟੀਮੇਟ ਨਾ ਤਾਂ ਮੀਟਿੰਗ ਦੇ ਏਜੰਡੇ ’ਚ ਸ਼ਾਮਲ ਸੀ ਅਤੇ ਨਾ ਹੀ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਵਿਚ ਪਾਸ ਕੀਤਾ ਗਿਆ ਹੈ। ਮੇਅਰ ਨੇ ਭਰੋਸਾ ਦਿੱਤਾ ਕਿ ਫੇਜ਼-11, ਸੈਕਟਰ-48 ਅਤੇ ਆਸ-ਪਾਸ ਇਲਾਕੇ ਦੇ ਵਸਨੀਕਾਂ ਨਾਲ ਡੰਪਿੰਗ-ਪੁਆਇੰਟ ਦੀ ਪੂਰੀ ਲਿਫ਼ਟਿੰਗ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।