ਬਲੌਂਗੀ ’ਚ ‘ਆਪ’ ਨੂੰ ਝਟਕਾ : ਰੀਟਾ ਸ਼ਰਮਾ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ ਰੀਟਾ ਸ਼ਰਮਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਲ
Publish Date: Wed, 28 Oct 2026 06:47 PM (IST)
Updated Date: Wed, 28 Oct 2026 06:49 PM (IST)
ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੋਂ ਦੇਸ਼ ਵਾਸੀ ਖੁਸ਼ : ਵਸ਼ਿਸ਼ਟ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਹਲਕੇ ’ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸੀਨੀਅਰ ਆਗੂ ਰੀਟਾ ਸ਼ਰਮਾ ਨੇ ਆਪਣੇ ਸਾਥੀਆਂ ਅਤੇ ਟੀਮ ਮੈਂਬਰਾਂ ਨਾਲ ‘ਆਪ’ ਨੂੰ ਆਲਵਿਦਾ ਆਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਰੀਟਾ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਾਰਟੀ ’ਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਰੀਟਾ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ, ਲੋਕ-ਪੱਖੀ ਨੀਤੀਆਂ ਅਤੇ ਦੂਰਅੰਦੇਸ਼ੀ ਸੋਚ ਤੋਂ ਬਹੁਤ ਪ੍ਰਭਾਵਿਤ ਹਨ। ਦੇਸ਼ ’ਚ ਭਾਜਪਾ ਦੀਆਂ ਨੀਤੀਆਂ ਨਾਲ ਹਰ ਵਰਗ ਦਾ ਵਿਕਾਸ ਹੋ ਰਿਹਾ ਹੈ। ਪਾਰਟੀ ਦੀ ਵਿਚਾਰਧਾਰਾ ’ਚ ਪੂਰਨ ਵਿਸ਼ਵਾਸ ਪ੍ਰਗਟਾਉਂਦੇ ਹੋਏ, ਉਨ੍ਹਾਂ ਨੇ ਮੁਹਾਲੀ ਅਤੇ ਬਲੌਂਗੀ ਖੇਤਰ ਵਿਚ ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਸੂਬੇ ਦੇ ਲੋਕ ਬੇਹੱਦ ਦੁਖੀ ਹਨ ਅਤੇ ਪਾਰਟੀ ਵਲੰਟੀਅਰ ਵੀ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਤਾਂ ਰੀਟਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਭਾਜਪਾ ’ਚ ਸ਼ਾਮਲ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਸੀਨੀਅਰ ਆਗੂ ਅਤੇ ਸਰਗਰਮ ਵਲੰਟੀਅਰ ਵੀ ਭਾਜਪਾ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਆਏ ਦਿਨ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ ਅਤੇ ਸੜਕਾਂ ’ਤੇ ਲਾਸ਼ਾਂ ਰੁਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀਆਂ ਪੁਲਿਸ ਦੇ ਡੰਡੇ ਨਾਲ ਸੰਘੀ ਘੁੱਟੀ ਜਾ ਰਹੀ ਹੈ ਅਤੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।