ਸ਼ੈੱਲਟਰ ਵੱਲੋਂ ਸੇਵਾ ਮੁਕਤ ਐੱਸਐੱਮਓ ਡਾ. ਚੀਮਾ ਸਨਮਾਨਿਤ ਸ਼ੈੱਲਟਰ ਵੱਲੋਂ ਸੇਵਾ ਮੁਕਤ ਐੱਸਐੱਮਓ ਡਾ. ਐੱਚਐੱਸ ਚੀਮਾ ਸਨਮਾਨਿਤ
Publish Date: Sat, 19 Sep 2026 06:35 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਸੇਵਾ ਮੁਕਤ ਐੱਸਐੱਮਓ ਡਾ. ਐੱਚਐੱਸ ਚੀਮਾ ਨੂੰ ਸਨਮਾਨਿਤ ਕਰਦੇ ਹੋਏ ਸ਼ੈੱਲਟਰ ਦੇ ਅਹੁਦੇਦਾਰ। 20ਪੀ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸਮਾਜ ਸੇਵੀ ਸੰਸਥਾ ਸ਼ੈੱਲਟਰ ਚੈਰੀਟੇਬਲ ਟਰੱਸਟ ਵੱਲੋਂ ਲਾਲੜੂ ਵਿਖੇ ਇਕ ਸਾਦੇ ਸਮਾਗਮ ਦੌਰਾਨ ਸਿਵਲ ਹਸਪਤਾਲ ਮੁਹਾਲੀ ਤੋਂ 31 ਮਈ 2026 ਨੂੰ ਸੇਵਾ ਮੁਕਤ ਹੋਏ ਐੱਸਐੱਮਓ ਡਾ. ਐੱਚਐੱਸ ਚੀਮਾ ਨੂੰ ਸਰਕਾਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਲੋਕ ਹਿੱਤ ਵਿਚ ਨਿਭਾਈਆਂ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੈੱਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਤੇ ਸਾਬਕਾ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਡਾ. ਐੱਚਐੱਸ ਚੀਮਾ ਨੇ ਤਕਰੀਬਨ 29 ਸਾਲ ਸਰਕਾਰੀ ਸਿਹਤ ਵਿਭਾਗ ਵਿਚ ਸੇਵਾ ਨਿਭਾਈ। ਉਨ੍ਹਾਂ ਦੀ ਸਰਕਾਰੀ ਸੇਵਾ ਦਾ ਵੱਡਾ ਹਿੱਸਾ ਬਤੌਰ ਮੈਡੀਕਲ ਅਫ਼ਸਰ ਬਸੌਲੀ ਅਤੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਿਹਾ। ਇਸੇ ਦੌਰਾਨ ਉਹ ਸਾਲ 2012 ਤੋਂ ਸਰਜੀਕਲ ਮਾਹਰ ਬਣ ਗਏ ਸਨ। ਸਾਲ 2021 ਵਿਚ ਐੱਸਐੱਮਓ ਵਜੋਂ ਤਰੱਕੀ ਮਿਲਣ ਉਪਰੰਤ ਉਹ ਪੰਜ ਸਾਲ ਸਿਵਲ ਹਸਪਤਾਲ ਮੁਹਾਲੀ ਦੇ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਡਾ. ਮੁਲਤਾਨੀ ਨੇ ਡਾ. ਚੀਮਾ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਉਨ੍ਹਾਂ ਵੱਲੋਂ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਨਿਭਾਈਆਂ ਸੇਵਾਵਾਂ ਸ਼ਲਾਘਾਯੋਗ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਚੀਮਾ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਯੋਗਦਾਨ ਜਾਰੀ ਰੱਖਣਗੇ ਅਤੇ ਸ਼ੈੱਲਟਰ ਦੀਆਂ ਲੋਕ ਹਿੱਤ ਸੇਵਾਵਾਂ ਵਿਚ ਹੋਰ ਵੱਡਾ ਯੋਗਦਾਨ ਪਾਉਣਗੇ। ਡਾ. ਚੀਮਾ ਪਹਿਲਾਂ ਹੀ ਸ਼ੈੱਲਟਰ ਦੇ ਮੈਂਬਰ ਹਨ। ਇਸ ਮੌਕੇ ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਡਾਹਰੀ ਅਤੇ ਡਾ. ਗੁਰਪ੍ਰੀਤ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਗੁਰਪ੍ਰੀਤ ਰਾਣਾ ਵੱਲੋਂ ਵੀ ਸ਼ੈੱਲਟਰ ਦੀਆਂ ਸਮਾਜ ਸੇਵੀ ਗਤੀਵਿਧੀਆਂ ਵਿਚ ਆਪਣਾ ਆਰਥਿਕ ਯੋਗਦਾਨ ਦਿੱਤਾ ਗਿਆ। ਅੰਤ ਵਿਚ ਡਾ. ਦਲੇਰ ਸਿੰਘ ਮੁਲਤਾਨੀ ਨੇ ਸ਼ੈੱਲਟਰ ਦੀ ਸਮੁੱਚੀ ਟੀਮ ਨੂੰ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਸੇਵਾਵਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ੈੱਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਰਾਣਾ, ਖ਼ਜ਼ਾਨਚੀ ਰਘੂਬੀਰ ਜੁਨੇਜਾ, ਸੀਨੀਅਰ ਮੈਂਬਰ ਵਿਦਿਆ ਸਾਗਰ, ਸੁਰਿੰਦਰ ਸਿੰਘ ਧਰਮਗੜ੍ਹ, ਸਤੀਸ਼ ਰਾਣਾ, ਚੰਦਰਪਾਲ ਲਾਲੜੂ ਤੇ ਅਮਨ ਕੁਮਾਰ ਆਦਿ ਹਾਜ਼ਰ ਸਨ।