ਦੇਸ਼ ’ਚ ਬੋਲਣ ਦੀ ਆਜ਼ਾਦੀ ਨੂੰ ਸੀਮਤ ਕਰਨਾ ਗੁਰੂ ਰਵਿਦਾਸ ਦੇ ਮਨੁੱਖੀ ਸਨਮਾਨ ਸੰਦੇਸ਼ ਦੇ ਉਲਟ : ਵਿੱਤ ਮੰਤਰੀ ਦੇਸ਼ ’ਚ ਬੋਲਣ ਦੀ ਆਜ਼ਾਦੀ ਨੂੰ ਸੀਮਤ ਕਰਨਾ ਗੁਰੂ ਰਵਿਦਾਸ ਦੇ ਮਨੁੱਖੀ ਸਨਮਾਨ ਸੰਦੇਸ਼ ਦੇ ਉਲਟ: ਵਿੱਤ ਮੰਤਰੀ
Publish Date: Tue, 11 Aug 2026 07:06 PM (IST)
Updated Date: Wed, 12 Aug 2026 04:03 AM (IST)
ਕੈਪਸ਼ਨ : ਰਾਜ ਪੱਧਰੀ ਸੈਮੀਨਾਰ ਮੌਕੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਨਿਭਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। 5ਪੀ * ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਬਰਾਬਰੀ’ ਵਿਸ਼ੇ ’ਤੇ ਰਾਜ ਪੱਧਰੀ ਸੈਮੀਨਾਰ ਕਰਵਾਇਆ * ਫ਼ਰੀਦਪੁਰਾ ’ਚ ਬਣੇਗਾ ਸਟੇਟ-ਆਫ਼-ਦਿ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ : ਚੀਮਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਸਮਾਨਤਾ, ਮਨੁੱਖੀ ਸਨਮਾਨ, ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਸਦੀਂਵੀ ਸੰਦੇਸ਼ ਦਿੰਦੀ ਹੈ, ਜੋ ਅਜੋਕੇ ਸਮੇਂ ’ਚ ਵੀ ਬੇਹੱਦ ਪ੍ਰਸੰਗਿਕ ਹੈ। ਉਹ ਅੱਜ ਇੱਥੇ ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਬਰਾਬਰੀ’ ਵਿਸ਼ੇ ’ਤੇ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸੀ। ਹਰਪਾਲ ਚੀਮਾ ਨੇ ਕਿਹਾ ਕਿ ‘ਗੁਰੂ ਜੀ ਦੀਆਂ ਸਿੱਖਿਆਵਾਂ ਨੇ ਜਾਤ, ਧਰਮ ਤੇ ਸਮਾਜਿਕ ਹੈਸੀਅਤ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਹਰੇਕ ਮਨੁੱਖ ਦੀ ਅੰਦਰੂਨੀ ਇੱਜ਼ਤ ਤੇ ਬਰਾਬਰੀ ’ਤੇ ਜ਼ੋਰ ਦਿੱਤਾ।’ ਉਨ੍ਹਾਂ ਕਿਹਾ ਕਿ ‘ਗੁਰੂ ਰਵਿਦਾਸ ਜੀ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜੋ ਸਮਾਨਤਾ, ਨਿਆਂ, ਦਇਆ ਤੇ ਆਪਸੀ ਸਨਮਾਨ ’ਤੇ ਆਧਾਰਿਤ ਹੋਵੇ। ਉਨ੍ਹਾਂ ਦੀ ਬਾਣੀ ਸਾਨੂੰ ਹਰ ਕਿਸਮ ਦੇ ਵਿਤਕਰੇ ਨੂੰ ਨਕਾਰਨ ਅਤੇ ਅਜਿਹੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ, ਜਿੱਥੇ ਹਰੇਕ ਵਿਅਕਤੀ ਨੂੰ ਬਰਾਬਰ ਮੌਕੇ ਅਤੇ ਸਨਮਾਨ ਮਿਲੇ।’ ਭਗਵੰਤ ਮਾਨ ਸਰਕਾਰ ਦੀ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ‘ਪੰਜਾਬ ਸਰਕਾਰ ਵੱਲੋਂ ਡੇਰਾ ਬੱਲਾਂ ਦੇ ਫਰੀਦਪੁਰਾ ਨੌਗਜ਼ਾ ’ਚ ਸਟੇਟ-ਆਫ਼-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਸਥਾਪਤ ਕਰਨ ਦਾ ਐਲਾਨ ਹੈ। ਇਹ ਕੇਂਦਰ 25 ਕਰੋੜ ਦੀ ਲਾਗਤ ਨਾਲ ਉਸਾਰਿਆ ਜਾਵੇਗਾ, ਜਦਕਿ ਜ਼ਮੀਨ ਦੀ ਖ਼ਰੀਦ ’ਤੇ ਲਗਪਗ 11 ਕਰੋੜ ਪਹਿਲਾਂ ਹੀ ਖ਼ਰਚ ਕੀਤੇ ਜਾ ਚੁੱਕੇ ਹਨ। ਇਹ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਡੂੰਘੀਆਂ ਸਿੱਖਿਆਵਾਂ ਦੀ ਖੋਜ, ਅਧਿਐਨ ਤੇ ਪ੍ਰਸਾਰ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗਾ।’ ਵਿੱਤ ਮੰਤਰੀ ਨੇ ਕਿਹਾ ਕਿ “ਸ੍ਰੀ ਗੁਰੂ ਰਵਿਦਾਸ ਵੱਲੋਂ ਦਰਸਾਇਆ ‘ਬੇਗਮਪੁਰਾ’ ਅਜਿਹੇ ਆਦਰਸ਼ ਸਮਾਜਿਕ ਪ੍ਰਬੰਧ ਦਾ ਪ੍ਰਤੀਕ ਹੈ, ਜੋ ਵਿਤਕਰੇ, ਸ਼ੋਸ਼ਣ ਅਤੇ ਅਸਮਾਨਤਾ ਤੋਂ ਮੁਕਤ ਹੋਵੇ। ਗੁਰੂ ਜੀ ਦੀ ਬਾਣੀ ’ਚ ਦਰਸਾਏ ਸਿਧਾਂਤ ਇਕ ਨਿਆਂਪੂਰਨ, ਸ਼ਾਂਤਮਈ ਤੇ ਸਦਭਾਵਨਾਪੂਰਨ ਸਮਾਜ ਦੀ ਉਸਾਰੀ ਲਈ ਮਾਰਗਦਰਸ਼ਕ ਸਾਬਤ ਹੋ ਸਕਦੇ ਹਨ।” ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਅਤੇ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ, ਖੁਰਾਲਗੜ੍ਹ ਦੇ ਸੰਤ ਕੇਵਲ ਸਿੰਘ, ਮੇਅਰ ਸਰਬਜੀਤ ਸਿੰਘ ਸਮਾਣਾ ਸ਼ਾਮਲ ਸਨ। ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੀ ਆਧੁਨਿਕ ਸਮਾਜ ’ਚ ਡੂੰਘੀ ਪ੍ਰਸੰਗਿਕਤਾ ਅਤੇ ਵਿਤਕਰੇ ਦੇ ਖ਼ਾਤਮੇ ਤੇ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਲਗਾਤਾਰ ਪ੍ਰੇਰਣਾਦਾਇਕ ਭੂਮਿਕਾ ਬਾਰੇ ਚਾਨਣਾ ਪਾਇਆ। ਐਮਿਟੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਪੁਨੀਤ ਸ਼ਰਮਾ ਅਤੇ ਰਜਿਸਟਰਾਰ ਡਾ. ਦਲੀਪ ਕੁਮਾਰ ਸਮੇਤ ਪ੍ਰਮੁੱਖ ਅਕਾਦਮਿਕ ਆਗੂ ਮੌਜੂਦ ਸਨ। ਡਾ. ਦਲੀਪ ਕੁਮਾਰ ਨੇ ਰਸਮੀ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਰਕਾਰੀ ਵਿਭਾਗਾਂ, ਆਏ ਹੋਏ ਵਿਦਵਾਨਾਂ, ਫੈਕਲਟੀ ਮੈਂਬਰਾਂ ਅਤੇ ਸੈਮੀਨਾਰ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਐਸਡੀਐਮ ਸ੍ਰੀਮਤੀ ਦਮਨਦੀਪ ਕੌਰ ਅਤੇ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮਨੀਸ਼ ਸ਼ਰਮਾ ਸਮੇਤ ਐਮਿਟੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।