ਧਰਮਸ਼ਾਲਾ ਦੀ ਜ਼ਮੀਨ ਦੇ 6 ਸਾਲ ਪੁਰਾਣੇ ਵਿਵਾਦ ਦਾ ਨਿਪਟਾਰਾ ਵਾਰਡ ਨੰਬਰ 13 'ਚ ਧਰਮਸ਼ਾਲਾ ਦੀ ਜ਼ਮੀਨ ਦੇ 6 ਸਾਲ ਪੁਰਾਣੇ ਵਿਵਾਦ ਦਾ ਨਿਪਟਾਰਾ
Publish Date: Mon, 21 Sep 2026 08:26 PM (IST)
Updated Date: Tue, 22 Sep 2026 04:09 AM (IST)
ਜੀਪੀਐੱਸ ਮੈਪਿੰਗ ਨਾਲ ਹੋਈ ਨਿਸ਼ਾਨਦੇਹੀ, ਕੋਈ ਨਜਾਇਜ਼ ਕਬਜ਼ਾ ਨਹੀਂ ਮਿਲਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਵਾਰਡ ਨੰਬਰ 13 ਵਿੱਚ ਸਥਿਤ ਧਰਮਸ਼ਾਲਾ ਦੀ ਲਗਭਗ 10 ਬਿਸਵੇ ਜ਼ਮੀਨ ਨੂੰ ਲੈ ਕੇ ਸਾਲ 2018 ਤੋਂ ਚੱਲੇ ਆ ਰਹੇ ਵਿਵਾਦ ਦਾ ਸੋਮਵਾਰ ਨੂੰ ਸਥਾਈ ਸਮਾਧਾਨ ਕੱਢ ਲਿਆ ਗਿਆ। ਨਗਰ ਕੌਂਸਲ ਦੀ ਟੀਮ ਨੇ ਦੋਵਾਂ ਧਿਰਾਂ ਦੀ ਮੌਜੂਦਗੀ ਵਿੱਚ ਮੌਕੇ ਤੇ ਪਹੁੰਚ ਕੇ ਜੀ.ਪੀ.ਐੱਸ. ਮੈਪਿੰਗ ਪ੍ਰਣਾਲੀ ਰਾਹੀਂ ਜ਼ਮੀਨ ਦੀ ਮੁੜ ਤੋਂ ਨਿਸ਼ਾਨਦੇਹੀ ਕਰਵਾਈ। ਪੈਮਾਇਸ਼ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਨੂੰ ਜ਼ਮੀਨ ਦੀ ਅਸਲ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿਸ ਤੇ ਦੋਵਾਂ ਧਿਰਾਂ ਨੇ ਪੂਰੀ ਸੰਤੁਸ਼ਟੀ ਪ੍ਰਗਟਾਈ। ਮੌਕੇ ਤੇ ਪਹੁੰਚੇ ਕਾਨੂੰਨਗੋ ਸੌਰਭ ਸ਼ੁਕਲਾ ਅਤੇ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਅਧਿਕਾਰਤ ਟੀਮ ਨਾਲ ਦੋਵਾਂ ਧਿਰਾਂ ਦੇ ਸਾਹਮਣੇ ਜੀ.ਪੀ.ਐੱਸ. ਮੈਪਿੰਗ ਰਾਹੀਂ ਧਰਮਸ਼ਾਲਾ ਦੀ ਜ਼ਮੀਨ ਦੀ ਪੈਮਾਇਸ਼ ਕਰਵਾਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਜ਼ਮੀਨ ਦੀ ਦੋ ਵਾਰ ਰਵਾਇਤੀ ਜਰੀਬ (ਚੇਨ) ਪ੍ਰਣਾਲੀ ਨਾਲ ਪੈਮਾਇਸ਼ ਕੀਤੀ ਜਾ ਚੁੱਕੀ ਸੀ, ਪਰ ਤਕਨੀਕੀ ਭਿੰਨਤਾਵਾਂ ਕਾਰਨ ਦੋਵਾਂ ਧਿਰਾਂ ਵਿਚਾਲੇ ਪੈਦਾ ਹੋਇਆ ਵਿਵਾਦ ਪੂਰੀ ਤਰ੍ਹਾਂ ਸੁਲਝ ਨਹੀਂ ਸਕਿਆ ਸੀ। ਬਾਕਸ : ਪੈਮਾਇਸ਼ ਨਾਲ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ : ਧਰਮੇਂਦਰ ਸਿੰਘ ਮਾਮਲੇ ਵਿੱਚ ਦੂਜੀ ਧਿਰ ਦੇ ਨਿਵਾਸੀ ਧਰਮੇਂਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਵਿੱਚ ਇਨਸਾਫ਼ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਆਧੁਨਿਕ ਜੀਪੀਐੱਸ ਮੈਪਿੰਗ ਰਾਹੀਂ ਕਰਵਾਈ ਗਈ ਪੈਮਾਇਸ਼ ਨਾਲ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਧਰਮੇਂਦਰ ਸਿੰਘ ਅਨੁਸਾਰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਲੰਮੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਜ਼ਮੀਨ ਤੇ ਉਹ ਆਪਣਾ ਮਕਾਨ ਬਣਾ ਰਹੇ ਸਨ, ਨਵੀਂ ਪੈਮਾਇਸ਼ ਤੋਂ ਬਾਅਦ ਉਸ ਦੀ ਕਾਨੂੰਨੀ ਸਥਿਤੀ ਸਪੱਸ਼ਟ ਹੋ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਬਾਕਸ : ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ : ਕੌਂਸਲਰ ਲਵਲੀ ਵਾਰਡ ਨੰਬਰ 13 ਦੇ ਕੌਂਸਲਰ ਸੁਖਬੀਰ ਸਿੰਘ ਲਵਲੀ ਨੇ ਦੱਸਿਆ ਕਿ ਧਰਮਸ਼ਾਲਾ ਦੀ ਜ਼ਮੀਨ ਬਾਰੇ ਪਹਿਲਾਂ ਹੋਈਆਂ ਦੋ ਪੈਮਾਇਸ਼ਾਂ ਦੌਰਾਨ ਸਬੰਧਤ ਮਕਾਨ ਜ਼ਮੀਨ ਦੇ ਵਿਚਕਾਰ ਆ ਰਿਹਾ ਸੀ। ਇਸ ਤੋਂ ਬਾਅਦ ਪਿੰਡ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਲਿਖਤੀ ਮੰਗ ਪੱਤਰ ਸੌਂਪ ਕੇ ਨਵੀਂ ਤਕਨਾਲੋਜੀ ਨਾਲ ਮੁੜ ਪੈਮਾਇਸ਼ ਕਰਵਾਉਣ ਦੀ ਮੰਗ ਕੀਤੀ ਸੀ। ਲਵਲੀ ਨੇ ਦੱਸਿਆ ਕਿ ਵਾਰਡ ਨਿਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨਗਰ ਕੌਂਸਲ ਪ੍ਰਸ਼ਾਸਨ ਕੋਲ ਜੀਪੀਐੱਸ ਮੈਪਿੰਗ ਰਾਹੀਂ ਨਿਸ਼ਾਨਦੇਹੀ ਦੀ ਮੰਗ ਰੱਖੀ ਸੀ। ਇਸ ਤੋਂ ਬਾਅਦ ਹੀ ਕਾਨੂੰਨਗੋ ਅਤੇ ਬਿਲਡਿੰਗ ਇੰਸਪੈਕਟਰ ਦੀ ਅਗਵਾਈ ਹੇਠ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ। ਕੌਂਸਲਰ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਨੁਮਾਇੰਦਾ ਹੋਣ ਦੇ ਨਾਤੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾਉਣਾ ਉਨ੍ਹਾਂ ਦਾ ਫ਼ਰਜ਼ ਸੀ। \ ਬਾਕਸ : ਜ਼ਮੀਨ ਤੇ ਨਾਜਾਇਜ਼ ਕਬਜ਼ਾ ਨਹੀਂ ਪਾਇਆ ਗਿਆ : ਕਾਨੂੰਨਗੋ ਸੌਰਭ ਸ਼ੁਕਲਾ ਪੈਮਾਇਸ਼ ਸਬੰਧੀ ਜਾਣਕਾਰੀ ਦਿੰਦਿਆਂ ਕਾਨੂੰਨਗੋ ਸੌਰਭ ਸ਼ੁਕਲਾ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਹਦਾਇਤਾਂ ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਪ੍ਰਮਾਣਿਤ ਪੱਕੇ ਪੁਆਇੰਟ (ਬੁਰਜ) ਚੁੱਕ ਕੇ ਹਾਈ-ਟੈਕ ਜੀਪੀਐੱਸ ਮਸ਼ੀਨ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ। ਜਾਂਚ ਦੌਰਾਨ ਧਰਮਸ਼ਾਲਾ ਦੀ ਜ਼ਮੀਨ ਤੇ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਬਜ਼ਾ ਨਹੀਂ ਪਾਇਆ ਗਿਆ। ਮੌਕੇ ਤੇ ਸਾਰੇ ਅੰਕੜੇ ਸਾਂਝੇ ਕਰਕੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਾਮਲਾ ਨਿਪਟਾ ਦਿੱਤਾ ਗਿਆ ਹੈ।