ਮਾਈਨਿੰਗ ਵਾਹਨਾਂ ਦੀ ਪਾਰਕਿੰਗ ਖ਼ਿਲਾਫ਼ ਵਸਨੀਕਾਂ ਦਾ ਰੋਸ ਮਾਈਨਿੰਗ ਵਾਹਨਾਂ ਦੀ ਪਾਰਕਿੰਗ ਖ਼ਿਲਾਫ਼ ਵਸਨੀਕਾਂ ਦਾ ਰੋਸ,
Publish Date: Fri, 02 Oct 2026 05:45 PM (IST)
Updated Date: Fri, 02 Oct 2026 05:46 PM (IST)
-ਰਿਹਾਇਸ਼ੀ ਸੜਕਾਂ ’ਤੇ ਖੜ੍ਹੇ ਟਿੱਪਰ ਬਣੇ ਪਰੇਸ਼ਾਨੀ ਦਾ ਸਬੱਬ, ਸਟਰੀਟ ਲਾਈਟਾਂ ਦੀਆਂ ਤਾਰਾਂ ਟੁੱਟਣ ਦੇ ਵੀ ਲਾਏ ਦੋਸ਼ ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਦਸਮੇਸ਼ ਨਗਰ ਅਤੇ ਲੱਕੀ ਵਿਹਾਰ ਦੇ ਵਸਨੀਕਾਂ ਨੇ ਰਿਹਾਇਸ਼ੀ ਖੇਤਰ ਵਿਚ ਮਾਈਨਿੰਗ ਦੇ ਕੰਮ ਨਾਲ ਜੁੜੇ ਭਾਰੀ ਵਾਹਨਾਂ ਅਤੇ ਮਸ਼ੀਨਰੀ ਦੀ ਕਥਿਤ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਲੈ ਕੇ ਰੋਸ ਜਤਾਇਆ। ਇਕੱਠੇ ਹੋਏ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਿੱਪਰਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਭਾਰੀ ਮਸ਼ੀਨਰੀ ਨੂੰ ਰਿਹਾਇਸ਼ੀ ਸੜਕਾਂ ਤੋਂ ਤੁਰੰਤ ਹਟਾਇਆ ਜਾਵੇ। ਲੋਕਾਂ ਦਾ ਕਹਿਣਾ ਸੀ ਕਿ ਮਾਈਨਿੰਗ ਦੇ ਕੰਮ ਵਿਚ ਵਰਤੇ ਜਾਣ ਵਾਲੇ ਵਾਹਨਾਂ ਨੂੰ ਲੰਬੇ ਸਮੇਂ ਤੱਕ ਗਲੀਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਨਾਲ ਆਮ ਲੋਕਾਂ ਦੀ ਆਵਾਜਾਈ ਵਿਚ ਰੁਕਾਵਟ ਪੈਣ ਦੇ ਨਾਲ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਖ਼ਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਭਾਰੀ ਵਾਹਨਾਂ ਵਿਚਕਾਰੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਵਾਹਨਾਂ ਦੀ ਆਵਾਜਾਈ ਦੌਰਾਨ ਕਈ ਵਾਰ ਗਲੀਆਂ ਵਿਚ ਲੱਗੀਆਂ ਸਟਰੀਟ ਲਾਈਟਾਂ ਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਹਨ। ਇਸ ਕਾਰਨ ਰਾਤ ਸਮੇਂ ਹਨੇਰਾ ਹੋਣ ਨਾਲ ਲੋਕਾਂ ਦੀ ਮੁਸ਼ਕਲ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ਨੂੰ ਭਾਰੀ ਵਾਹਨਾਂ ਦੀ ਪਾਰਕਿੰਗ ਵਜੋਂ ਵਰਤਣਾ ਸੁਰੱਖਿਆ ਪੱਖੋਂ ਵੀ ਚਿੰਤਾ ਦਾ ਵਿਸ਼ਾ ਹੈ। ਵਸਨੀਕਾਂ ਮੁਤਾਬਕ ਇਸ ਸਬੰਧੀ ਪਹਿਲਾਂ ਨਗਰ ਕੌਂਸਲ ਡੇਰਾਬੱਸੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਹੁਣ ਸਮੱਸਿਆ ਦੇ ਹੱਲ ਲਈ ਐੱਸਡੀਐੱਮ ਡੇਰਾਬੱਸੀ ਨੂੰ ਵੀ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੌਕੇ ਦੀ ਜਾਂਚ ਕਰਵਾ ਕੇ ਮਾਈਨਿੰਗ ਨਾਲ ਸਬੰਧਤ ਵਾਹਨਾਂ ਦੀ ਪਾਰਕਿੰਗ ਰਿਹਾਇਸ਼ੀ ਆਬਾਦੀ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ। ਰੋਸ ਪ੍ਰਗਟਾਉਣ ਵਾਲਿਆਂ ਵਿਚ ਕਪਿਲ ਕੌਸ਼ਲ, ਮਲਕੀਤ ਸਿੰਘ ਤੇਜੀ, ਰਮਨ ਕੁਮਾਰ, ਹਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਜਸਪ੍ਰੀਤ ਸਿੰਘ, ਸੁਰੇਸ਼ ਕੁਮਾਰ, ਸੀਮਾ ਸ਼ਰਮਾ, ਸ਼ਰਨਜੀਤ, ਪ੍ਰਿਯੰਕਾ, ਸੋਨੂੰ, ਗਗਨਦੀਪ ਸਿੰਘ, ਚੇਤਨ ਅਤੇ ਰਾਜਿੰਦਰ ਸਿੰਘ ਸਮੇਤ ਹੋਰ ਵਸਨੀਕ ਸ਼ਾਮਲ ਸਨ।