ਤ੍ਰਿਵੇਦੀ ਕੈਂਪ ਦੇ ਵਾਸੀਆਂ ਨੂੰ ਕੂੜੇ ਦੇ ਡੰਪ ਤੋਂ ਮਿਲੇਗੀ ਰਾਹਤ, ਬਣੇਗੀ ਆਧੁਨਿਕ ਪਾਰਕਿੰਗ ਤ੍ਰਿਵੇਦੀ ਕੈਂਪ ਦੇ ਨਿਵਾਸੀਆਂ ਨੂੰ ਕੂੜੇ ਦੇ ਡੰਪ ਤੋਂ ਮਿਲੇਗੀ ਰਾਹਤ, ਬਣੇਗੀ ਆਧੁਨਿਕ ਪਾਰਕਿੰਗ
Publish Date: Fri, 25 Sep 2026 05:48 PM (IST)
Updated Date: Fri, 25 Sep 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਤ੍ਰਿਵੇਦੀ ਕੈਂਪ ਦੇ ਵਸਨੀਕਾਂ ਅਤੇ ਬਾਜ਼ਾਰ ਆਉਣ ਵਾਲੇ ਲੋਕਾਂ ਨੂੰ ਜਲਦ ਹੀ ਸੜਕ ਕਿਨਾਰੇ ਲੱਗੇ ਲੰਬੇ ਸਮੇਂ ਪੁਰਾਣੇ ਕੂੜੇ ਦੇ ਡੰਪ ਤੋਂ ਮੁਕਤੀ ਮਿਲਣ ਜਾ ਰਹੀ ਹੈ। ਇਸ ਕੂੜੇ ਦੇ ਢੇਰ ਕਾਰਨ ਪੈਦਲ ਚੱਲਣ ਵਾਲੇ ਰਾਹੀਆਂ, ਸਥਾਨਕ ਨਿਵਾਸੀਆਂ ਅਤੇ ਬਾਜ਼ਾਰ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕੂੜੇ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਸਗੋਂ ਆਲੇ-ਦੁਆਲੇ ਦਾ ਵਾਤਾਵਰਨ ਵੀ ਖ਼ਰਾਬ ਹੋ ਰਿਹਾ ਸੀ। ਦੱਸਣਯੋਗ ਹੈ ਕਿ ਤ੍ਰਿਵੇਦੀ ਕੈਂਪ ਇਕ ਮੁੱਖ ਥੋਕ ਬਾਜ਼ਾਰ ਹੈ, ਜਿੱਥੇ ਰੋਜ਼ਾਨਾ ਨੇੜਲੇ ਅਤੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਦੁਕਾਨਦਾਰ ਖ਼ਰੀਦਦਾਰੀ ਲਈ ਆਉਂਦੇ ਹਨ। ਪਾਰਕਿੰਗ ਦੀ ਢੁਕਵੀਂ ਥਾਂ ਨਾ ਹੋਣ ਅਤੇ ਸੜਕ ਤੇ ਕੂੜੇ ਦੇ ਢੇਰ ਹੋਣ ਕਾਰਨ ਇੱਥੇ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ। ਬਲਾਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਕੂੜਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਗ੍ਹਾ ਪੂਰੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ, ਲੋਕਾਂ ਦੀ ਸਹੂਲਤ ਲਈ ਇੱਥੇ ਇਕ ਪਾਰਕਿੰਗ ਸਥਾਨ ਵਿਕਸਤ ਕੀਤਾ ਜਾਵੇਗਾ। ਪ੍ਰਸਤਾਵਿਤ ਪਾਰਕਿੰਗ ਵਾਲੀ ਥਾਂ ਦੇ ਆਲੇ-ਦੁਆਲੇ ਚਾਰਦੀਵਾਰੀ ਕੀਤੀ ਜਾਵੇਗੀ। ਇਲਾਕੇ ਦੀ ਸਫ਼ਾਈ ਨੂੰ ਬਣਾਏ ਰੱਖਣ ਲਈ ਕੰਧ ਦੇ ਨਾਲ-ਨਾਲ ਪੌਦੇ ਲਗਾਏ ਜਾਣਗੇ। ਸੁਚੱਜੀ ਪਾਰਕਿੰਗ ਬਣਨ ਨਾਲ ਬਾਜ਼ਾਰ ਚ ਵਾਹਨਾਂ ਦੇ ਜਾਮ ਤੋਂ ਮੁਕਤੀ ਮਿਲੇਗੀ। ਚੇਅਰਮੈਨ ਪ੍ਰਦੀਪ ਸਚਦੇਵਾ ਨੇ ਇਸ ਪਹਿਲਕਦਮੀ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਯਤਨਾਂ ਸਦਕਾ ਹੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੰਭੀਰ ਸਮੱਸਿਆ ਦਾ ਹੱਲ ਸੰਭਵ ਹੋ ਸਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਦੇ ਸਰਪੰਚ ਸੁਨਹਰੀ ਲਾਲ ਦਾ ਵੀ ਪ੍ਰਸ਼ਾਸਨ ਤੱਕ ਪਿੰਡ ਦੀਆਂ ਸਮੱਸਿਆਵਾਂ ਪਹੁੰਚਾਉਣ ਅਤੇ ਕੰਮ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ।