ਬਿਜਲੀ ਦੇ ਭਾਰੀ ਬਿੱਲਾਂ ਤੋਂ ਸਤਾਏ ਕੁੰਬੜਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਬਿਜਲੀ ਦੇ ਭਾਰੀ ਬਿੱਲਾਂ ਤੋਂ ਸਤਾਏ ਕੁੰਬੜਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ;
Publish Date: Tue, 15 Sep 2026 09:48 PM (IST)
Updated Date: Tue, 15 Sep 2026 09:50 PM (IST)
- ਐੱਸਡੀਓ ਵੱਲੋਂ ਮੌਕੇ ਤੇ ਪਹੁੰਚ ਕੇ ਮਸਲਾ ਹੱਲ ਕਰਨ ਦਾ ਭਰੋਸਾ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਬਿਜਲੀ ਦੇ ਵਾਧੂ ਅਤੇ ਮਨਮਰਜ਼ੀ ਦੇ ਆਏ ਭਾਰੀ ਬਿੱਲਾਂ ਤੋਂ ਤੰਗ ਆ ਕੇ ਪਿੰਡ ਕੁੰਬੜਾ ਦੇ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਭਾਗ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬਿਜਲੀ ਮੰਤਰੀ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਥਾਣਾ ਫੇਜ਼-8 ਦੇ ਐੱਸਐੱਚਓ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ। ਲੋਕਾਂ ਵੱਲੋਂ ਬਿਜਲੀ ਮੰਤਰੀ ਦਾ ਪੁਤਲਾ ਫੂਕਣ ਅਤੇ ਸੜਕ ਜਾਮ ਕਰਨ ਦੀ ਤਿਆਰੀ ਹੀ ਕੀਤੀ ਜਾ ਰਹੀ ਸੀ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਾਵਰਕਾਮ ਦੇ ਐੱਸਡੀਓ ਨੂੰ ਅੱਧੇ ਘੰਟੇ ਦੇ ਅੰਦਰ ਮੌਕੇ ਤੇ ਬੁਲਾਇਆ। ਐੱਸਡੀਓ ਨੇ ਸੁਣੀਆਂ ਮੁਸ਼ਕਲਾਂ : ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰਾਂ ਨੇ ਐੱਸਡੀਓ ਦੇ ਸਾਹਮਣੇ ਆਪਣੇ 2-2 ਤੋਂ 3-3 ਲੱਖ ਰੁਪਏ ਦੇ ਆਏ ਬਿਜਲੀ ਬਿੱਲ ਦਿਖਾਏ। ਲੋਕਾਂ ਨੇ ਦੋਸ਼ ਲਾਇਆ ਕਿ ਬਿਨਾਂ ਰੀਡਿੰਗ ਲਏ ਐਵਰੇਜ ਦੇ ਹਿਸਾਬ ਨਾਲ ਕਈ ਗੁਣਾ ਜ਼ਿਆਦਾ ਬਿੱਲ ਭੇਜੇ ਜਾ ਰਹੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਬਿੱਲਾਂ ਦੀਆਂ ਕਾਪੀਆਂ ਨੱਥੀ ਕਰਕੇ ਐਕਸੀਅਨ, ਪਾਵਰ ਕਾਰਪੋਰੇਸ਼ਨ ਮੁਹਾਲੀ ਦੇ ਨਾਮ ਇਕ ਲਿਖਤੀ ਮੰਗ ਪੱਤਰ ਸੌਂਪਿਆ। ਅਧਿਕਾਰੀ ਦਾ ਪੱਖ : ਐੱਸਡੀਓ ਪਾਵਰਕਾਮ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦੀ ਮੁਹਾਲੀ ਵਿਖੇ ਨਵੀਂ ਤਾਇਨਾਤੀ ਹੋਈ ਹੈ, ਜਿਸ ਕਰਕੇ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਉਨ੍ਹਾਂ ਨੇ ਲੋਕਾਂ ਦੀਆਂ ਮੰਗਾਂ ਨੂੰ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਰੇਗਾ ਯੂਨੀਅਨ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਹੀ ਲੋਕਾਂ ਤੇ ਮਨਮਰਜ਼ੀ ਦੇ ਬਿੱਲ ਥੋਪੇ ਜਾ ਰਹੇ ਹਨ, ਜਿਸ ਦਾ ਖ਼ਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਬਲਵਿੰਦਰ ਸਿੰਘ ਕੁੰਬੜਾ ਸਮੇਤ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਇਸੇ ਥਾਂ ਤੇ ਮੁੜ ਬਿਜਲੀ ਮੰਤਰੀ ਦਾ ਪੁਤਲਾ ਫੂਕ ਕੇ ਵੱਡਾ ਸੰਘਰਸ਼ ਵਿੱਢਣਗੇ। ਇਸ ਰੋਸ ਪ੍ਰਦਰਸ਼ਨ ਦੌਰਾਨ ਮਾਸਟਰ ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਲਖਵੀਰ ਸਿੰਘ ਬੌਬੀ, ਬਾਪੂ ਲਾਭ ਸਿੰਘ, ਕਰਮ ਸਿੰਘ ਕੁਰੜੀ, ਗੁਰਵਿੰਦਰ ਸਿੰਘ, ਰਾਜੂ, ਪਰਮਜੀਤ ਕੌਰ, ਕਰਮਜੀਤ ਕੌਰ, ਸੋਨੀਆ ਰਾਣੀ, ਲਛਮੀ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਨੈਬ ਸਿੰਘ, ਲੀਲਾ ਕੌਰ, ਬਲਜਿੰਦਰ ਸਿੰਘ, ਪਿਆਰੇ ਲਾਲ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਮੌਜੂਦ ਸਨ।