ਕੰਬਾਲਾ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸੇ : ਪਹਿਲਵਾਨ ਗਿੱਲ ਪਿੰਡ ਕੰਬਾਲਾ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸੇ : ਪਹਿਲਵਾਨ ਗਿੱਲ
Publish Date: Mon, 03 Aug 2026 08:26 PM (IST)
Updated Date: Tue, 04 Aug 2026 04:08 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਵਿਚ ਬੈਠਕਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਮੁਹਿਮ ਤਹਿਤ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਪਿੰਡ ਕੰਬਾਲਾ ਪਿੰਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਪਿੰਡ ਕੰਬਾਲਾ ਵਿਚ ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਹਿਲਵਾਨ ਗਿੱਲ ਨੂੰ ਪਿੰਡ ਦੇ ਖੇਡ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੰਬਾਲਾ, ਕੁਲਦੀਪ ਸਿੰਘ, ਜਸਦੀਪ ਸਿੰਘ, ਗਿਆਨੀ ਗੁਰਜੀਤ ਸਿੰਘ, ਜਸਵੰਤ ਸਿੰਘ, ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਪਿੰਡ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦੌਰਾਨ ਗੰਦਾ ਪਾਣੀ ਘਰਾਂ ’ਚ ਵੜ ਜਾਂਦਾ ਹੈ, ਇਸ ਤੋਂ ਇਲਾਵਾ ਹਾਲੇ ਤੱਕ ਪਿੰਡ ਵਿਚ ਸੀਵਰੇਜ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ ਡਿਸਪੈਂਸਰੀ ਦੀ ਇਮਾਰਤ ਹੋਣ ਦੇ ਬਾਵਜੂਦ ਇਸ ਵਿਚ ਨਾ ਤਾਂ ਡਾਕਟਰ ਅਤੇ ਨਾ ਹੀ ਦਵਾਈਆਂ ਪਹੁੰਚੀਆਂ ਹਨ, ਜਿਸ ਕਾਰਨ ਇਹ ਡਿਸਪੈਂਸਰੀ ਦੀ ਇਮਾਰਤ ਪਿੰਡ ਵਾਸੀਆਂ ਲਈ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਬਾਰੇ ਕਈ ਵਾਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਪਹਿਲਵਾਨ ਅਮਰਜੀਤ ਗਿੱਲ ਨੇ ਪਿੰਡ ਵਾਸੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਗਰਾਮ ਸਭਾ ਦਾ ਮਤਾ ਪਾਉਣ ਦੀ ਮੰਗ ਕੀਤੀ ਤਾਂ ਜੋ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਨੂੰ ਲੰਮੇ ਸਮੇਂ ਤੋਂ ਹੋ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਦਲਬੀਰ ਸਿੰਘ ਤੰਗੋਰੀ, ਜਸਪਾਲ ਸਿੰਘ ਕੁਰੜੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।