ਵਸਨੀਕਾਂ ਨੇ ਬਿਜਲੀ ਕੱਟਾਂ ਖਿਲਾਫ਼ ਪਾਵਰਕਾਮ ਵਿਰੁੱਧ ਖੋਲ੍ਹਿਆ ਮੋਰਚਾ ਵਸਨੀਕਾਂ ਨੇ ਬਿਜਲੀ ਕੱਟਾਂ ਖਿਲਾਫ਼ ਪਾਵਰਕਾਮ ਵਿਰੁੱਧ ਖੋਲ੍ਹਿਆ ਮੋਰਚਾ
Publish Date: Sun, 19 Jul 2026 09:06 PM (IST)
Updated Date: Mon, 20 Jul 2026 04:10 AM (IST)
ਔਰਤਾਂ ਨੇ ਕੀਤਾ ਰੋਸ ਮੁਜ਼ਾਹਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਐੱਮਐੱਸ ਇਨਕਲੇਵ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਅਣ-ਐਲਾਨੇ ਬਿਜਲੀ ਕੱਟਾਂ ਅਤੇ ਲੋ-ਵੋਲਟੇਜ ਦੀ ਸਮੱਸਿਆ ਤੋਂ ਤੰਗ ਆ ਕੇ ਐਤਵਾਰ ਨੂੰ ਕਾਲੋਨੀ ਨਿਵਾਸੀਆਂ ਦਾ ਗੁੱਸਾ ਫੁੱਟ ਪਿਆ। ਭਿਆਨਕ ਗਰਮੀ ਅਤੇ ਹੁੰਮਸ ਦੇ ਵਿਚਕਾਰ ਬਿਜਲੀ ਦੀ ਅੱਖ-ਮਿਚੌਲੀ ਤੋਂ ਪਰੇਸ਼ਾਨ ਸੈਂਕੜੇ ਲੋਕਾਂ ਨੇ ਪਾਵਰਕਾਮ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਵਿਚ ਔਰਤਾਂ ਨੇ ਸੜਕਾਂ ਤੇ ਉਤਰ ਕੇ ਵਿਭਾਗ ਦੀ ਕਾਰਜਪ੍ਰਣਾਲੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸਮਾਜ ਸੇਵਿਕਾ ਮਨੀਸ਼ਾ ਸੌਰਭ ਨੇ ਕਿਹਾ ਕਿ ਕਾਲੋਨੀ ਦੇ ਨਿਵਾਸੀ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੀ ਮਾੜੀ ਸਪਲਾਈ ਨਾਲ ਜੂਝ ਰਹੇ ਹਨ। ਦਿਨ ਵਿਚ ਕਈ-ਕਈ ਘੰਟਿਆਂ ਦੇ ਕੱਟ ਲੱਗ ਰਹੇ ਹਨ ਅਤੇ ਜਦੋਂ ਬਿਜਲੀ ਆਉਂਦੀ ਵੀ ਹੈ, ਤਾਂ ਵੋਲਟੇਜ ਇੰਨੀ ਘੱਟ ਹੁੰਦੀ ਹੈ ਕਿ ਘਰੇਲੂ ਉਪਕਰਣ ਕੰਮ ਨਹੀਂ ਕਰਦੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਨੇ ਤੁਰੰਤ ਸਿਸਟਮ ਵਿਚ ਸੁਧਾਰ ਨਾ ਕੀਤਾ ਤਾਂ ਨਿਵਾਸੀ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਵਿਰੋਧ ਪ੍ਰਦਰਸ਼ਨ ਵਿਚ ਮੌਜੂਦ ਪ੍ਰੇਮਲਤਾ ਭੰਡਾਰ, ਮਾਤਾ ਕਟਾਰੀਆ, ਰੋਜ਼ੀ ਤ੍ਰੇਹਨ, ਰਕਸ਼ਾ ਸੇਠੀ, ਰੇਖਾ ਭੱਲਾ, ਕਵਿਤਾ ਗਰਗ, ਰੁਚੀ, ਹੀਨਾ, ਸਰਿਤਾ, ਰਿਤਿਕਾ ਅਤੇ ਨੀਲਮ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ, ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਹਾਲ ਬੇਹਾਲ ਹੈ। ਦੂਜੇ ਪਾਸੇ ਰਮੇਸ਼ ਗਰੋਵਰ, ਜਿਤੇਂਦਰ ਸੈਣੀ, ਅਜੀਤ ਜੈਨ, ਸੰਤੋਸ਼ ਕੁਮਾਰ ਅਤੇ ਅਰਵਿੰਦ ਧਰ ਨੇ ਕਿਹਾ ਕਿ ਭਾਰੀ ਬਿਜਲੀ ਬਿੱਲ ਚੁਕਾਉਣ ਦੇ ਬਾਵਜੂਦ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਨਿਵਾਸੀਆਂ ਨੇ ਮੰਗ ਕੀਤੀ ਕਿ ਇਲਾਕੇ ਦੀਆਂ ਜਰਜਰ ਤਾਰਾਂ ਅਤੇ ਓਵਰਲੋਡਿਡ ਟਰਾਂਸਫਾਰਮਰਾਂ ਨੂੰ ਤੁਰੰਤ ਬਦਲਿਆ ਜਾਵੇ। ਬਾਕਸ-- ਕੀ ਕਹਿਣਾ ਹੈ ਅਧਿਕਾਰੀਆਂ ਦਾ ? ਮਾਮਲੇ ਸਬੰਧੀ ਸੰਪਰਕ ਕਰਨ ’ਤੇ ਜ਼ੀਰਕਪੁਰ ਟੈਕ-2 ਦੇ ਐੱਸਡੀਓ ਪ੍ਰਦੀਪ ਸੈਣੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਕੇਬਲ ਵਿਚ ਤਕਨੀਕੀ ਨੁਕਸ ਪੈ ਜਾਣ ਕਰਕੇ ਸਮੱਸਿਆ ਆਈ ਸੀ ਪ੍ਰੰਤੂ ਹੁਣ ਕੇਬਲ ਬਦਲ ਦਿੱਤੀ ਗਈ ਹੈ ਅਤੇ ਨਵੀਂ ਕੇਬਲ ਪਾ ਦਿੱਤੀ ਗਈ ਹੈ, ਉਮੀਦ ਹੈ ਕਿ ਹੁਣ ਲੋਕਾਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।