ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਵਸਨੀਕਾਂ ਦਾ ਫੁੱਟਿਆ ਗੁੱਸਾ
ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਵਸਨੀਕਾਂ ਦਾ ਫੁੱਟਿਆ ਗੁੱਸਾ, ਨਗਰ ਕੌਂਸਲ ਖ਼ਿਲਾਫ਼ ਖੋਲ੍ਹਿਆ ਮੋਰਚਾ
Publish Date: Tue, 31 Mar 2026 09:34 PM (IST)
Updated Date: Wed, 01 Apr 2026 04:19 AM (IST)

ਨਗਰ ਕੌਂਸਲ ਖ਼ਿਲਾਫ਼ ਖੋਲ੍ਹਿਆ ਮੋਰਚਾ, ਪ੍ਰਸ਼ਾਸਨ ਤੇ ਲਾਪਰਵਾਹੀ ਦੇ ਲਗਾਏ ਦੋਸ਼ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਨਾਭਾ-ਪਭਾਤ ਰੋਡ ਤੇ ਸਥਿਤ ਦਰਜਨਾਂ ਸੁਸਾਇਟੀਆਂ ਦੇ ਨਿਵਾਸੀਆਂ ਦੇ ਸਬਰ ਦਾ ਬੰਨ੍ਹ ਆਖਰਕਾਰ ਮੰਗਲਵਾਰ ਨੂੰ ਟੁੱਟ ਗਿਆ। ਪਿਛਲੇ ਲੰਬੇ ਸਮੇਂ ਤੋਂ ਬਦਹਾਲ ਅਤੇ ਟੁੱਟੀ-ਭੱਜੀ ਸੜਕ ਦੀ ਮਾਰ ਝੱਲ ਰਹੇ ਸੈਂਕੜੇ ਸਥਾਨਕ ਨਿਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਿਰੁੱਧ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਗੰਭੀਰ ਲਾਪਰਵਾਹੀ ਵਰਤਣ ਅਤੇ ਜਨਤਾ ਦੀ ਜਾਨ ਨਾਲ ਖਿਲਵਾੜ ਕਰਨ ਦੇ ਸਿੱਧੇ ਦੋਸ਼ ਲਗਾਏ ਹਨ। ਬਾਕਸ-- ਭਾਰੀ ਵਾਹਨਾਂ ਦੀ ਆਵਾਜਾਈ ਨੇ ਵਧਾਈ ਮੁਸੀਬਤ : ਪ੍ਰਦਰਸ਼ਨ ਦੌਰਾਨ ਰਾਜੀਵ ਕੱਕੜ, ਰਵੀ ਪ੍ਰਸਾਦ ਸ੍ਰੀਵਾਸਤਵ, ਕਰਨਲ ਸੰਦੀਪ ਸਲਵਾਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਮਹੱਤਵਪੂਰਨ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਸੜਕ ਤੇ ਜਗ੍ਹਾ-ਜਗ੍ਹਾ ਇੰਨੇ ਡੂੰਘੇ ਅਤੇ ਜਾਨਲੇਵਾ ਟੋਏ ਪੈ ਚੁੱਕੇ ਹਨ ਕਿ ਦੁਪਹੀਆ ਵਾਹਨ ਚਾਲਕਾਂ ਦਾ ਸੰਤੁਲਨ ਵਿਗੜਨਾ ਆਮ ਗੱਲ ਹੋ ਗਈ ਹੈ। ਸਥਾਨਕ ਲੋਕਾਂ ਅਨੁਸਾਰ, ਇਸ ਸੜਕ ਤੋਂ ਦਿਨ-ਰਾਤ ਭਾਰੀ ਮਾਲਵਾਹਕ ਵਾਹਨਾਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਭਾਰੀ ਟਰੱਕਾਂ ਦੇ ਲੰਘਣ ਕਾਰਨ ਸੜਕ ਦੀ ਸਥਿਤੀ ਹਰ ਬੀਤਦੇ ਦਿਨ ਦੇ ਨਾਲ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਇੱਥੇ ਵੱਡੇ ਹਾਦਸਿਆਂ ਦਾ ਖ਼ਤਰਾ 24 ਘੰਟੇ ਬਣਿਆ ਰਹਿੰਦਾ ਹੈ। ਬਾਕਸ: ਸਭ ਤੋਂ ਅਮੀਰ ਕੌਂਸਲ ਦੇ ਦਾਵਿਆਂ ਤੇ ਸਵਾਲ : ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਰਕਾਰ ਅਤੇ ਨਗਰ ਕੌਂਸਲ ਦੇ ਵਿੱਤੀ ਦਾਵਿਆਂ ਤੇ ਵੀ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਿਵਾਸੀ ਹਰ ਸਾਲ ਲੱਖਾਂ-ਕਰੋੜਾਂ ਰੁਪਏ ਪ੍ਰਾਪਰਟੀ ਟੈਕਸ ਅਤੇ ਹੋਰ ਫੀਸਾਂ ਦੇ ਰੂਪ ਵਿਚ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਕਰਦੇ ਹਨ। ਜ਼ੀਰਕਪੁਰ ਨਗਰ ਕੌਂਸਲ ਨੂੰ ਪੂਰੇ ਪੰਜਾਬ ਦੀਆਂ ਸਭ ਤੋਂ ਅਮੀਰ ਨਗਰ ਕੌਂਸਲਾਂ ਵਿਚ ਗਿਣਿਆ ਜਾਂਦਾ ਹੈ। ਇਸ ਦੇ ਬਾਵਜੂਦ ਇੱਥੋਂ ਦੇ ਨਾਗਰਿਕਾਂ ਨੂੰ ਚੱਲਣ ਲਈ ਇਕ ਸੁਰੱਖਿਅਤ ਸੜਕ ਤੱਕ ਨਸੀਬ ਨਹੀਂ ਹੋ ਰਹੀ। ਲੋਕਾਂ ਨੇ ਸਵਾਲ ਪੁੱਛਿਆ ਕਿ ਜਦੋਂ ਵਿਕਾਸ ਦੇ ਨਾਂ ਤੇ ਇੰਨਾ ਭਾਰੀ ਟੈਕਸ ਵਸੂਲਿਆ ਜਾਂਦਾ ਹੈ ਤਾਂ ਫਿਰ ਬੁਨਿਆਦੀ ਸਹੂਲਤਾਂ ਦਾ ਇੰਨਾ ਬੁਰਾ ਹਾਲ ਕਿਉਂ ਹੈ? ਇਹ ਪੈਸਾ ਫਾਈਲਾਂ ਵਿਚੋਂ ਨਿਕਲ ਕੇ ਸੜਕਾਂ ਤੇ ਕਿਉਂ ਨਹੀਂ ਦਿਖਾਈ ਦਿੰਦਾ? ਬਾਕਸ-- ਔਰਤਾਂ ਦਾ ਛਲਕਿਆ ਦਰਦ : ਪ੍ਰਦਰਸ਼ਨ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ ਸੁਸਾਇਟੀਆਂ ਦੀਆਂ ਔਰਤਾਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ। ਸ਼ਬਨਮ, ਨੇਹਾ, ਸੁਨੀਤਾ ਅਤੇ ਮੰਜਰੀ ਸਮੇਤ ਹੋਰ ਔਰਤਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਬੱਸ ਤੱਕ ਛੱਡਣ ਜਾਣ ਅਤੇ ਵਾਪਸ ਲਿਆਉਣ ਵਿਚ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਟੋਇਆਂ ਕਾਰਨ ਬਜ਼ੁਰਗਾਂ ਦਾ ਪੈਦਲ ਚੱਲਣਾ ਵੀ ਦੂਭਰ ਹੋ ਚੁੱਕਾ ਹੈ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਨ੍ਹਾਂ ਟੋਇਆਂ ਕਾਰਨ ਲੋਕ ਟੂ-ਵ੍ਹੀਲਰ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਜਾਨੀ ਨੁਕਸਾਨ ਜਾਂ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਮੁੱਖ ਤੌਰ ਤੇ ਅਨਿਲ, ਅਜੈ ਯਾਦਵ, ਲਲਿਤ ਭਾਰਦਵਾਜ, ਤਿਲਕ ਰਾਜ ਸ਼ਰਮਾ, ਸੁਭਾਸ਼ ਰੰਦੇ, ਸੰਜੇ ਭਾਰਦਵਾਜ, ਯੋਗੇਸ਼ਵਰ ਸ਼ਰਮਾ, ਅਸ਼ਵਨੀ ਗੌਰ, ਰਾਜੇਸ਼ ਗੁਪਤਾ, ਕਰਨਲ ਰਾਜੀਵ ਸ਼ਰਮਾ, ਰਾਜੀਵ ਸ੍ਰੀਵਾਸਤਵ, ਸੰਜੇ, ਸ਼ੇਖਰ, ਚੌਧਰੀ ਰਾਧਿਕਾ, ਭਾਵਨਾ ਗੁਪਤਾ, ਸ਼ਵੇਤਾ ਅਤੇ ਰਘੁਵੀਰ ਕੋਠਾਰੀ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ। ਕੋਟਸ.... ‘‘ਇਸ ਸੜਕ ਦੇ ਮੁੜ ਨਿਰਮਾਣ ਨੂੰ ਲੈ ਕੇ ਪ੍ਰਸ਼ਾਸਨਿਕ ਪੱਧਰ ਤੇ ਟੈਂਡਰ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। ਟੈਂਡਰ ਅਲਾਟਮੈਂਟ ਦੀਆਂ ਸਾਰੀਆਂ ਜ਼ਰੂਰੀ ਕਾਗਜ਼ੀ ਕਾਰਵਾਈਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਅਪ੍ਰੈਲ ਮਹੀਨੇ ਦੇ ਪਹਿਲੇ ਹੀ ਹਫ਼ਤੇ ਵਿਚ ਲੇਬਰ ਅਤੇ ਮਸ਼ੀਨਰੀ ਉਤਾਰ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਸ ਨੂੰ ਰਿਕਾਰਡ ਸਮੇਂ ਵਿਚ ਪੂਰਾ ਕਰਕੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ।’’ ਅਮਨਦੀਪ ਸ਼ਰਮਾ, ਜੇਈ, ਨਗਰ ਕੌਂਸਲ, ਜ਼ੀਰਕਪੁਰ।