ਅਪਾਰਟਮੈਂਟ ਨੇੜੇ ਗੰਦੇ ਨਾਲ਼ੇ ਦੀ ਸਮੱਸਿਆ ਤੋਂ ਮਿਲੇਗੀ ਰਾਹਤ, ਕੌਂਸਲ ਨੇ ਸ਼ੁਰੂ ਕਰਵਾਇਆ ਨਿਰਮਾਣ ਅਪਾਰਟਮੈਂਟ ਨੇੜੇ ਗੰਦੇ ਨਾਲ਼ੇ ਦੀ ਸਮੱਸਿਆ ਤੋਂ ਮਿਲੇਗੀ ਰਾਹਤ,
Publish Date: Wed, 16 Sep 2026 08:31 PM (IST)
Updated Date: Thu, 17 Sep 2026 04:06 AM (IST)
ਫੋਟੋ ਕੈਪਸ਼ਨ : ਨਾਲ਼ੇ ਦੇ ਨੇੜੇ ਸਾਫ਼-ਸਫ਼ਾਈ ਕਰਦੀ ਹੋਈ ਜੇਸੀਬੀ ਮਸ਼ੀਨ। 34ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਵਾਰਡ ਨੰ. 5 ਸਥਿਤ ਆਸਥਾ ਰਾਇਲ ਅਪਾਰਟਮੈਂਟ ਦੇ ਨੇੜੇ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਗੰਦੇ ਨਾਲ਼ੇ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਨਾਲ਼ੇ ’ਚ ਕੂੜਾ-ਕਰਕਟ ਅਤੇ ਗਾਦ ਜਮ੍ਹਾਂ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਪ੍ਰਸ਼ਾਸਨ ਵੱਲੋਂ ਨਾਲ਼ੇ ਦੀ ਸਫ਼ਾਈ ਦੇ ਨਾਲ-ਨਾਲ ਇਸ ਦੇ ਕਿਨਾਰਿਆਂ ਤੇ ਪੱਥਰਾਂ ਨਾਲ ਸੁਰੱਖਿਆ ਕੰਧ (ਰਿਟੇਨਿੰਗ ਵਾਲ) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਨਾਲ਼ੇ ਦੀ ਨਿਯਮਤ ਸਫ਼ਾਈ ਨਾ ਹੋਣ ਕਾਰਨ ਗੰਦਗੀ ਦਾ ਆਲਮ ਬਣਿਆ ਰਹਿੰਦਾ ਸੀ। ਅਕਸਰ ਹੀ ਇੱਥੋਂ ਸੱਪ-ਬਿਛੂ ਆਦਿ ਵਰਗੇ ਜ਼ਹਿਰੀਲੇ ਜੀਵ ਨਿਕਲ ਕੇ ਰਿਹਾਇਸ਼ੀ ਖੇਤਰ ਵਿਚ ਆ ਜਾਂਦੇ ਸਨ, ਜਿਸ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਰਹਿੰਦਾ ਸੀ। ਸ਼ਾਮ ਦੇ ਸਮੇਂ ਨਾਲ਼ੇ ਦੇ ਖੁੱਲ੍ਹੇ ਕਿਨਾਰਿਆਂ ਕਾਰਨ ਬੱਚਿਆਂ ਦੇ ਹਾਦਸਾਗ੍ਰਸਤ ਹੋਣ ਦਾ ਡਰ ਵੀ ਬਣਿਆ ਰਹਿੰਦਾ ਸੀ। ਕੌਂਸਲ ਪ੍ਰਧਾਨ ਨਾਲ ਬੈਠਕ ਤੋਂ ਬਾਅਦ ਮਿਲੀ ਰਾਹਤ ਸੁਸਾਇਟੀ ਦੇ ਵਫ਼ਦ ਨੇ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨਾਲ ਦੋ ਵਾਰ ਬੈਠਕ ਕਰਕੇ ਮਾਮਲਾ ਧਿਆਨ ਵਿਚ ਲਿਆਂਦਾ ਸੀ। ਪ੍ਰਧਾਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਹੁਣ ਮੌਕੇ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਸਫ਼ਾਈ ਅਤੇ ਪੱਥਰਾਂ ਦੀ ਮਜ਼ਬੂਤ ਕੰਧ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਨਾਲ ਜ਼ਮੀਨ ਦਾ ਖੋਰਾ ਰੁਕੇਗਾ ਅਤੇ ਰਿਹਾਇਸ਼ੀ ਖੇਤਰ ਸੁਰੱਖਿਅਤ ਹੋਵੇਗਾ। ਇਸ ਮੌਕੇ ਵੇਦਪਾਲ, ਸੁਨੀਲ, ਹਰਮਨ, ਵਿਵੇਕ ਅਤੇ ਸੁਭਾਸ਼ ਸਮੇਤ ਹੋਰ ਨਿਵਾਸੀ ਵੀ ਮੌਜੂਦ ਸਨ। ਸਥਾਨਕ ਲੋਕਾਂ ਨੇ ਸ਼ੁਰੂ ਹੋਏ ਕੰਮ ਤੇ ਸੁੱਖ ਦਾ ਸਾਹ ਲੈਂਦਿਆਂ ਮੰਗ ਕੀਤੀ ਕਿ ਨਾਲ਼ੇ ਦੀ ਸਮੇਂ-ਸਮੇਂ ਤੇ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਪਾਣੀ ਭਰਨ ਦੀ ਸਮੱਸਿਆ ਨਾ ਆਵੇ। ਪ੍ਰਸ਼ਾਸਨ ਵੱਲੋਂ ਕੰਮ ਜਲਦ ਮੁਕੰਮਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।