- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਮੁਖੀ ਨਾਲ ਮੀਟਿੰਗ ਮਗਰੋਂ ਲੜੀਵਾਰ ਭੁੱਖ-ਹੜਤਾਲ ਖ਼ਤਮ

ਫੋਟੋ ਕੈਪਸ਼ਨ: ਵਿਭਾਗੀ ਦੀ ਮੁਖੀ ਨੂੰ ਮੰਗ ਪੱਤਰ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦੇ। 1ਪੀ
* ਸੋਸ਼ਲ ਸਟਾਫ਼ ਦੀਆਂ ਹੱਕੀ ਮੰਗਾਂ ਦੇ ਲਿਖਤੀ ਹੱਲ ਕਰਨ ਦੀ ਗੁਹਾਰ
* ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਅਹਿਮ ਮੀਟਿੰਗ 14 ਨੂੰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਵਾਟਰ ਸਪਲਾਈ ਤੇ ਸੈਨੀਟੇਸ਼ਨ ਸੋਸ਼ਲ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਵਿਭਾਗ ਦੇ ਸਮੂਹ ਸੋਸ਼ਲ ਸਟਾਫ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੱਕਾ ਹੱਲ ਕਰਵਾਉਣ ਲਈ ਮੁਹਾਲੀ ਸਥਿਤ ਮੁੱਖ ਦਫ਼ਤਰ ਦੇ ਬਾਹਰ ਬੀਤੀ 8 ਸਤੰਬਰ ਤੋਂ ਚੱਲ ਰਹੀ ਲੜੀਵਾਰ ਭੁੱਖ-ਹੜਤਾਲ ਵਿਭਾਗ ਦੇ ਮੁਖੀ ਨਾਲ ਹੋਈ ਮੀਟਿੰਗ ਮਗਰੋਂ ਖ਼ਤਮ ਹੋ ਗਈ। ਵਿਭਾਗ ਦੀ ਮੁਖੀ ਨੇ ਭੁੱਖ-ਹੜਤਾਲ ’ਤੇ ਬੈਠੇ ਮੁਲਾਜ਼ਮਾਂ ਨੂੰ ਜੂਸ ਪਿਲਾ ਕੇ ਹੜਤਾਲ ਖ਼ਤਮ ਕਰਵਾਈ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਆਗੂਆਂ ਨੇ ਦੱਸਿਆ ਕਿ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਡਾ. ਸਈਅਦ ਸ਼ਹਿਰਿਸ਼ ਅਸਗਰ ਨਾਲ ਲਗਭਗ ਦੋ ਘੰਟੇ ਮੀਟਿੰਗ ਹੋਈ। ਇਸ ਦੌਰਾਨ ਸੋਸ਼ਲ ਸਟਾਫ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ, ਸੇਵਾ-ਸਬੰਧੀ ਮਸਲਿਆਂ ਅਤੇ ਫੀਲਡ ’ਚ ਮੁਲਾਜ਼ਮਾਂ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਜੁਆਇੰਟ ਐਕਸ਼ਨ ਕਮੇਟੀ ਨੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਪੂਰੀ ਗੰਭੀਰਤਾ ਅਤੇ ਦ੍ਰਿੜਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਬੀਆਰਸੀ, ਆਈਈਸੀ ਤੇ ਸੀਡੀਐੱਸ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਾਂ ਅਨੁਸਾਰ ਰੈਗੂਲਰ ਕਰਨਾ, 10 ਫ਼ੀਸਦੀ ਸਾਲਾਨਾ ਇੰਕਰੀਮੈਂਟ ਤੇ ਬਕਾਏ ਜਾਰੀ ਕਰਨਾ, ਅਪ੍ਰੈਲ 2023 ਤੋਂ ਟੀਏ ਦੀ ਬਹਾਲੀ, ਮੋਬਾਈਲ ਅਲਾਂਉਸ, ਮੈਡੀਕਲ ਸਹੂਲਤ, ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨਾ ਅਤੇ ਮ੍ਰਿਤਕ ਮੁਲਾਜ਼ਮਾਂ ਨਾਲ ਸਬੰਧਤ ਕੇਸਾਂ ’ਤੇ ਹਮਦਰਦੀ ਅਤੇ ਨਿਯਮਾਂ ਅਨੁਸਾਰ ਵਿਚਾਰ ਕਰਕੇ ਬਣਦੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਗਈ। ਨਾਲ ਹੀ ਐੱਸਡੀਈ, ਜੇਈ, ਐੱਫ਼ਓ, ਅਕਾਊਂਟ ਅਸਿਸਟੈਂਟ, ਆਪ੍ਰੇਟਰਾਂ ਤੇ ਡਰਾਈਵਰਾਂ ਨੂੰ ਰੈਗੂਲਰ ਕਰਨ, 10 ਫ਼ੀਸਦੀ ਸਾਲਾਨਾ ਇੰਕਰੀਮੈਂਟ ਦੇਣ, ਕੰਟਰੈਕਟ ਐਕਸਟੈਂਸ਼ਨ ਜਾਰੀ ਕਰਨ, ਟੀਏ ਅਤੇ ਮੋਬਾਈਲ ਅਲਾਊਂਸ ਦਾ ਲਾਭ ਦੇਣ, ਏਜ ਐਕਸਟੈਂਸ਼ਨ ਵਿੱਚ ਵਾਧਾ ਕਰਨ ਅਤੇ ਗਰੈਚੁਟੀ ਦਾ ਲਾਭ ਪ੍ਰਦਾਨ ਕਰਨ ਆਦਿ ਮੰਗਾਂ ਵੀ ਪ੍ਰਮੁੱਖਤਾ ਨਾਲ ਉਠਾਈਆਂ ਗਈਆਂ। ਜਥੇਬੰਦੀ ਦੇ ਆਗੂਆਂ ਅਨੁਸਾਰ ਮੀਟਿੰਗ ਦੌਰਾਨ ਵਿਭਾਗ ਵੱਲੋਂ ਮੰਗਾਂ ਦੇ ਹੱਲ ਲਈ ਹਾਂ-ਪੱਖੀ ਅਤੇ ਸੰਵੇਦਨਸ਼ੀਲ ਰੁਖ਼ ਅਪਣਾਉਂਦਿਆਂ ਜਲਦੀ ਲਿਖਤੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਵਿਭਾਗ ਮੁਖੀ ਖ਼ੁਦ ਭੁੱਖ-ਹੜਤਾਲ ਵਾਲੀ ਥਾਂ ’ਤੇ ਪਹੁੰਚੇ ਅਤੇ ਲੜੀਵਾਰ ਭੁੱਖ-ਹੜਤਾਲ ਸਮਾਪਤ ਕਰਵਾਈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਲਿਖਤੀ ਹੱਲ ਲਈ ਵਿਭਾਗ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 14 ਸਤੰਬਰ ਨੂੰ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਵਧੀਕ ਮੁੱਖ ਸਕੱਤਰ, ਵਿੱਤ ਵਿਭਾਗ ਨਾਲ ਅਹਿਮ ਮੀਟਿੰਗ ਹੋਵੇਗੀ। ਜਿਸ ਵਿਚ ਲੰਬੀ ਵਿਚਾਰ-ਚਰਚਾ ਤੋਂ ਬਾਅਦ ਠੋਸ ਕਦਮ ਚੁੱਕੇ ਜਾਣਗੇ। ਕਰਮਚਾਰੀਆਂ ਨੂੰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਪੱਕਾ ਹੋਣ ਦੀ ਆਸ ਹੈ। ਨਾਲ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਦਾ ਹੱਲ ਨਹੀਂ ਹੋਇਆ ਤਾਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਕਨਵੀਨਰ ਨਵਜੋਤ ਸਿੰਘ (ਸ੍ਰੀ ਫ਼ਤਹਿਗੜ੍ਹ ਸਾਹਿਬ), ਸੰਦੀਪ ਕੁਮਾਰ (ਲੁਧਿਆਣਾ), ਇੰਦਰਜੀਤ ਸਿੰਘ (ਮੁਹਾਲੀ), ਜਗਦੀਪ ਸਿੰਘ (ਤਰਨਤਾਰਨ), ਗਗਨਦੀਪ ਸਿੰਘ ਵਾਲੀਆ (ਜਲੰਧਰ), ਰਜਿੰਦਰ ਸਿੰਘ (ਲੁਧਿਆਣਾ), ਕੋ-ਕਨਵੀਨਰ ਅਮਨਦੀਪ ਕੰਬੋਜ (ਫਾਜ਼ਿਲਕਾ), ਕੇਵਲ ਕ੍ਰਿਸ਼ਨ (ਸ੍ਰੀ ਫ਼ਤਹਿਗੜ੍ਹ ਸਾਹਿਬ), ਚਮਕੌਰ ਸਿੰਘ (ਮਾਨਸਾ), ਸੁਖਦੀਪ ਸਿੰਘ (ਸ੍ਰੀ.ਫਤਿਹਗੜ੍ਹ ਸਾਹਿਬ), ਨਵਨੀਤ ਕੁਮਾਰ ਜਿੰਦਲ (ਹੁਸ਼ਿਆਰਪੁਰ), ਗੁਰਪ੍ਰੀਤ ਸਿੰਘ (ਮਾਨਸਾ) ਹਰਜੀਤ ਸਿੰਘ (ਪਟਿਆਲਾ), ਸਲਵਿੰਦਰ ਸਿੰਘ (ਫਾਜ਼ਿਲਕਾ) ਦਲਜੀਤ ਕੌਰ (ਰੂਪਨਗਰ), ਸਤਵਿੰਦਰ ਕੌਰ (ਸ੍ਰੀ ਅੰਮ੍ਰਿਤਸਰ ਸਾਹਿਬ) ਹਰਪ੍ਰੀਤ ਕੌਰ (ਮਲੇਰਕੋਟਲਾ) ਅਤੇ ਸਮੂਹ ਕਮੇਟੀ ਮੈਂਬਰ ਅਤੇ ਕਰਮਚਾਰੀ ਵੱਡੀ ਗਿਣਤੀ ’ਚ ਹਾਜ਼ਰ ਸਨ।