'ਪੁਸਤਕ ਪੋਰਟਲ' ਰਾਹੀਂ ਹੁਣ ਘਰ-ਘਰ ਪਹੁੰਚਣਗੀਆਂ ਅਸਲੀ ਕਿਤਾਬਾਂ ਪੁਸਤਕ ਪੋਰਟਲ ਰਾਹੀਂ ਹੁਣ ਘਰ-ਘਰ ਪਹੁੰਚਣਗੀਆਂ ਅਸਲੀ ਕਿਤਾਬਾਂ
Publish Date: Tue, 01 Sep 2026 08:41 PM (IST)
Updated Date: Wed, 02 Sep 2026 04:05 AM (IST)
ਫੋਟੋ ਕੈਪਸ਼ਨ : ਕਿਤਾਬਾਂ ਦੀ ਹੋਮ ਡਿਲਿਵਰੀ ਸਬੰਧੀ ਇੰਡੀਆ ਪੋਸਟ ਨਾਲ ਸਮਝੌਤੇ ਮੌਕੇ ਪੰਜਾਬ ਬੋਰਡ ਦੇ ਚੇਅਰਮੈਨ ਤੇ ਹੋਰ। 26ਪੀ * ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੰਡੀਆ ਪੋਸਟ ਨਾਲ ਕੀਤਾ ਸਮਝੌਤਾ * ਵਿਦਿਆਰਥੀਆਂ ਨੂੰ ਨਿਰਧਾਰਿਤ ਕੀਮਤ ਤੇ 15 ਫੀਸਦੀ ਦੀ ਛੋਟ ਮਿਲੇਗੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੌਖੀ, ਪਾਰਦਰਸ਼ੀ ਅਤੇ ਸਸਤੀ ਸਿੱਖਿਆ ਸੁਵਿਧਾ ਦੇਣ ਦੀ ਦਿਸ਼ਾ ’ਚ ਇਕ ਇਤਿਹਾਸਕ ਕਦਮ ਚੁੱਕਿਆ ਹੈ। ਬੋਰਡ ਮੈਨੇਜਮੈਂਟ ਨੇ ਆਪਣੇ ਚਰਚਿਤ ਪੁਸਤਕ ਪੋਰਟਲ ਦਾ ਵਿਸਥਾਰ ਕਰਦਿਆਂ ਹੁਣ ਪੰਜਾਬ ਭਰ ’ਚ ਪਾਠ-ਪੁਸਤਕਾਂ ਦੀ ਹੋਮ ਡਲਿਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਨੂੰ ਅਮਲੀ ਰੂਪ ਦੇਣ ਲਈ ਸਕੂਲ ਬੋਰਡ ਨੇ ਭਾਰਤੀ ਡਾਕ ਵਿਭਾਗ ਨਾਲ ਇਕ ਵਿਸ਼ੇਸ਼ ਸਹਿਮਤੀ ਪੱਤਰ ਤੇ ਹਸਤਾਖ਼ਰ ਕੀਤੇ ਹਨ। ਇਹ ਸਮਝੌਤਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਹਾਜ਼ਰੀ ’ਚ ਬੋਰਡ ਦੇ ਸਕੱਤਰ ਸਤਿਕਾਰ ਸਿੰਘ ਬਲ ਅਤੇ ਇੰਡੀਆ ਪੋਸਟ ਦੇ ਕੁਮਾਰ ਸੰਜੀਵ ਵਿਚਕਾਰ ਸਹੀਬੱਧ ਕੀਤਾ ਗਿਆ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਪਹਿਲਾ ਅਜਿਹਾ ਸਿੱਖਿਆ ਬੋਰਡ ਹੈ, ਜਿਸ ਨੇ ਪਾਠ-ਪੁਸਤਕਾਂ ਦੀ ਵਿਕਰੀ ਤੇ ਡਲਿਵਰੀ ਲਈ ਆਪਣਾ ਈ-ਕਾਮਰਸ ਪੋਰਟਲ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾਕ ਵਿਭਾਗ ਨਾਲ ਕੀਤਾ ਗਿਆ ਇਹ ਸਮਝੌਤਾ ਵਿਦਿਆਰਥੀਆਂ ਨੂੰ ਸਮੇਂ ਸਿਰ ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਘਰ ਬੈਠਿਆਂ ਹੀ ਅਸਲੀ ਕਿਤਾਬਾਂ ਮੁਹੱਈਆ ਕਰਵਾਉਣ ’ਚ ਮਦਦਗਾਰ ਸਾਬਤ ਹੋਵੇਗਾ। ਪੋਰਟਲ ਰਾਹੀਂ ਕਿਤਾਬਾਂ ਮੰਗਵਾਉਣ ਤੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਿਰਧਾਰਿਤ ਕੀਮਤ ਤੇ 15 ਫੀਸਦੀ ਦੀ ਛੋਟ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਵੱਡੀ ਬਚਤ ਹੋਵੇਗੀ। ਬੋਰਡ ਮੁਖੀ ਨੇ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਦੀਆਂ 361 ਵੱਖ-ਵੱਖ ਪਾਠ-ਪੁਸਤਕਾਂ ਦੀਆਂ ਲਗਭਗ 2.25 ਕਰੋੜ ਕਾਪੀਆਂ ਛਾਪੀਆਂ ਗਈਆਂ ਹਨ। ਪੰਜਾਬ ਭਰ ਵਿਚ ਪਹਿਲਾਂ ਹੀ 97 ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਨੂੰ ਹੁਣ ਡਾਕ ਵਿਭਾਗ ਦੇ ਵਿਸ਼ਾਲ ਨੈੱਟਵਰਕ ਨਾਲ ਜੋੜ ਕੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਕਦਮ ਨਾਲ ਬਾਜ਼ਾਰ ’ਚੋਂ ਨਕਲੀ ਜਾਂ ਮਹਿੰਗੇ ਭਾਅ ਤੇ ਕਿਤਾਬਾਂ ਵੇਚਣ ਦੀ ਪ੍ਰਵਿਰਤੀ ਤੇ ਠੱਲ੍ਹ ਪਵੇਗੀ ਅਤੇ ਵਿਦਿਆਰਥੀਆਂ ਨੂੰ ਸਹੀ ਅਤੇ ਅਸਲੀ ਕਿਤਾਬਾਂ ਹੀ ਮਿਲਣਗੀਆਂ। ਵਿਦਿਆਰਥੀਆਂ ਤੇ ਮਾਪਿਆਂ ਲਈ ਵੱਡੀ ਰਾਹਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਨਾਲ ਹੁਣ ਮਾਪਿਆਂ ਨੂੰ ਕਿਤਾਬਾਂ ਖਰੀਦਣ ਲਈ ਦੁਕਾਨਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਪੁਸਤਕ ਪੋਰਟਲ ਰਾਹੀਂ ਆਨਲਾਈਨ ਆਰਡਰ ਕਰਕੇ ਡਾਕ ਵਿਭਾਗ ਰਾਹੀਂ ਸੌਖੇ ਢੰਗ ਨਾਲ ਕਿਤਾਬਾਂ ਸਿੱਧੀਆਂ ਘਰ ਦੇ ਦਰਵਾਜ਼ੇ ਤੇ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਇਹ ਉਪਰਾਲਾ ਨਾ ਕੇਵਲ ਸਮੇਂ ਦੀ ਬੱਚਤ ਕਰੇਗਾ, ਬਲਕਿ ਸਿੱਖਿਆ ਪ੍ਰਣਾਲੀ ਨੂੰ ਹੋਰ ਵਧੇਰੇ ਪਾਰਦਰਸ਼ੀ ਤੇ ਵਿਦਿਆਰਥੀ-ਪੱਖੀ ਬਣਾਏਗਾ।