ਰਵਨੀਤ ਬਿੱਟੂ ਦੀ ਤਲਖ਼ੀ ਨੇ ਕਸੂਤੇ ਫਸਾਏ ਭਾਜਪਾਈ! ਲਾਲਪੁਰਾ ਤੇ ਹੋਰਨਾਂ ਆਗੂਆਂ ਨੇ ਦਿੱਤੀ ਸੰਜਮ ਵਰਤਣ ਦੀ ਸਲਾਹ; 25 ਹਜ਼ਾਰ ਲਾਸ਼ਾਂ ਦੇ ਅੰਕੜੇ 'ਤੇ ਸਵਾਲ ਚੁੱਕਣ ਦਾ ਮਾਮਲਾ ਗਰਮਾਇਆ
ਮਨੁੱਖੀ ਅਧਿਕਾਰਾਂ ਦੀ ਲੰਬੀ ਲੜ੍ਹਾਈ ਲੜ੍ਹਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ 'ਸਤਲੁਜ' ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਗਾਤਾਰ ਹਮਲਾਵਰ ਹੋ ਰਹੇ ਹਨ। ਬਿੱਟੂ ਪੁਲਿਸ ਅਧਿਕਾਰੀਆਂ, ਪੁਲਿਸ ਪ੍ਰਸ਼ਾਸਨ ਦੀ ਪਿੱਠ ਥਾਪੜ ਰਹੇ ਹਨ। ਸਤਲੁਜ ਦੇ ਸਕਰੀਨ ਤੇ ਆਉਣ ਬਾਅਦ ਜਿੱਥੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਅਜੇ ਤੱਕ ਚੁੱਪੀ ਧਾਰ ਰੱਖੀ ਹੈ, ਉਥੇ ਸਿੱਖ ਆਗੂਆਂ ’ਚ ਅੰਦਰੂਨੀ ਮਤਭੇਦ ਉਭਰਨ ਲੱਗੇ ਹਨ। ਇਹ ਭਾਜਪਾ ਦੀ ਚੋਣ ਰਣਨੀਤੀ ਦਾ ਹਿੱਸਾ ਹੈ ਜਾਂ ਨਹੀ, ਪਰ ਭਾਜਪਾ ਵਿਚ ਸ਼ਾਮਲ ਸਿੱਖ ਆਗੂਆਂ ਨੇ ਬਿੱਟੂ ਦੀ ਵੱਧ ਰਹੀ ਤਲਖੀ ਨੂੰ ਦੇਖਦੇ ਹੋਏ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।
Publish Date: Tue, 14 Jul 2026 09:31 AM (IST)
Updated Date: Tue, 14 Jul 2026 09:32 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮਨੁੱਖੀ ਅਧਿਕਾਰਾਂ ਦੀ ਲੰਬੀ ਲੜ੍ਹਾਈ ਲੜ੍ਹਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ 'ਸਤਲੁਜ' ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਗਾਤਾਰ ਹਮਲਾਵਰ ਹੋ ਰਹੇ ਹਨ। ਬਿੱਟੂ ਪੁਲਿਸ ਅਧਿਕਾਰੀਆਂ, ਪੁਲਿਸ ਪ੍ਰਸ਼ਾਸਨ ਦੀ ਪਿੱਠ ਥਾਪੜ ਰਹੇ ਹਨ। ਸਤਲੁਜ ਦੇ ਸਕਰੀਨ ਤੇ ਆਉਣ ਬਾਅਦ ਜਿੱਥੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਅਜੇ ਤੱਕ ਚੁੱਪੀ ਧਾਰ ਰੱਖੀ ਹੈ, ਉਥੇ ਸਿੱਖ ਆਗੂਆਂ ’ਚ ਅੰਦਰੂਨੀ ਮਤਭੇਦ ਉਭਰਨ ਲੱਗੇ ਹਨ। ਇਹ ਭਾਜਪਾ ਦੀ ਚੋਣ ਰਣਨੀਤੀ ਦਾ ਹਿੱਸਾ ਹੈ ਜਾਂ ਨਹੀ, ਪਰ ਭਾਜਪਾ ਵਿਚ ਸ਼ਾਮਲ ਸਿੱਖ ਆਗੂਆਂ ਨੇ ਬਿੱਟੂ ਦੀ ਵੱਧ ਰਹੀ ਤਲਖੀ ਨੂੰ ਦੇਖਦੇ ਹੋਏ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।
ਬਿੱਟੂ ਦੇ ਹਮਲਾਵਰ ਰੁਖ਼ ਨੇ ਪੰਜਾਬ ਭਾਜਪਾ ਦੇ ਆਗੂਆਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸਮੇਤ ਕਈ ਧੜ੍ਹਿਆਂ ਦੇ ਆਗੂ ਇਸ ਮੁੱਦੇ ’ਤੇ ਭਾਜਪਾ ਨੂੰ ਘੇਰ ਰਹੇ ਹਨ। ਇਹੀ ਨਹੀ ਇੰਟਰਨੈੱਟ ਮੀਡੀਆ ’ਤੇ ਵੀ ਬਿੱਟੂ ਦੀ ਸਖ਼ਤ ਆਲੋਚਨਾਂ ਹੋ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਸਖ਼ਤ ਰੁਖ਼ ਅਖਤਿਆਰ ਕੀਤਾ ਹੋਇਆ ਹੈ। ਰਵਨੀਤ ਬਿੱਟੂ 25 ਹਜ਼ਾਰ ਲਾਸ਼ਾਂ ਦੇ ਅੰਕੜੇ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਅਦਾਕਾਰ ਦਿਲਜੀਤ ਦੁਸਾਂਝ ਨੂੰ ਚੁਣੌਤੀ ਦਿੰਦਿਆਂ 25 ਹਜ਼ਾਰ ਲਾਸ਼ਾਂ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ। ਬਿੱਟੂ ਦਾ ਕਹਿਣਾ ਹੈ ਕਿ ਫ਼ਿਲਮ ਪੰਜਾਬ ਦੇ ਕਾਲੇ ਦੌਰ ਦੇ ਇਤਿਹਾਸ ਨੂੰ ਸਿਰਫ਼ ਇੱਕ ਪਾਸੇ ਤੋਂ ਦਿਖਾਉਂਦੀ ਹੈ ਅਤੇ ਅੱਤਵਾਦ ਦੌਰਾਨ ਮਾਰੇ ਗਏ ਬੇਕਸੂਰ ਹਿੰਦੂਆਂ, ਸਰਕਾਰੀ ਮੁਲਾਜ਼ਮਾਂ ਅਤੇ ਸ਼ਹੀਦ ਪੁਲਿਸ ਜਵਾਨਾਂ ਦੀ ਕੁਰਬਾਨੀ ਨੂੰ ਨਜ਼ਰਅੰਦਾਜ਼ ਕਰਦੀ ਹੈ। ਬਿੱਟੂ ਨੇ ਸਬੂਤ ਜਨਤਕ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾਂ ਤਾਂ ਉਹ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹਨ।
ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਰਵਨੀਤ ਬਿੱਟੂ ਦੇ ਬਿਆਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ "ਮੈਨੂੰ ਫਿਲਮ ਸਤਲੁਜ ਨੂੰ ਲੈ ਕੇ ਹਾਲ ’ਚ ਹੋਏ ਵਿਵਾਦ ਤੋਂ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਮ ਪੰਜਾਬ ਦੇ ਇਤਿਹਾਸ ਦੇ ਇੱਕ ਖਾਸ ਅਧਿਆਏ ਨੂੰ ਦਰਸਾਉਂਦੀ ਹੈ ਜੋ ਲਾਪਤਾ ਹੋਏ ਨੌਜਵਾਨਾ, ਫਰਜ਼ੀ ਮੁਕਾਬਲਿਆਂ, ਗੈਰ-ਨਿਆਂਇਕ ਕਤਲਾਂ ਅਤੇ ਰਿਸ਼ਤੇਦਾਰਾਂ ਨੂੰ ਦੱਸੇ ਬਿਨਾਂ ਨਾਜਾਇਜ ਸਸਕਾਰ ਕੀਤੇ ਜਾਣ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਕਿਸੇ ਵੀ ਫਿਲਮ ਨੂੰ ਕਿਸੇ ਖਾਸ ਵਿਸ਼ੇ ਦੀ ਕਲਾਤਮਕ ਵਿਆਖਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਖੋਲ੍ਹਣ ਜਾਂ ਨਵੀਆਂ ਵੰਡੀਆਂ ਪੈਦਾ ਕਰਨ ਦਾ ਜਰੀਆ ਨਹੀਂ ਬਣਨਾ ਚਾਹੀਦਾ। ਸਾਹਨੀ ਨੇ ਕਿਹਾ ਕਿ ਖਾਲੜਾ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਅਦਾਲਤਾਂ ਵਿਚ ਪਟੀਸ਼ਨਾਂ ਦਾਇਰ ਕਰਨ ਸਮੇਤ ਸੰਵਿਧਾਨਕ ਅਤੇ ਕਾਨੂੰਨੀ ਤਰੀਕਿਆਂ ਰਾਹੀਂ ਹੀ ਲਾਪਤਾ ਨੌਜਵਾਨਾਂ ਅਤੇ ਗੈਰ-ਕਾਨੂੰਨੀ ਸਸਕਾਰ ਦੇ ਮੁੱਦੇ ਦੀ ਪੈਰਵੀ ਕੀਤੀ ਹੈ। ਹਰ ਪੰਜਾਬੀ ਨੂੰ ਫਿਲਮ ਦੇਖਣ ਦਾ ਮੌਕਾ ਮਿਲਿਆ ਹੈ, ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਖੋਲ੍ਹਣ ਜਾਂ ਅਤੀਤ ਨੂੰ ਤਾਜ਼ਾ ਕਰਨ ਦੀ ਬਜਾਏ ਬਹਿਸ ਨੂੰ ਵਿਰਾਮ ਦਿੱਤਾ ਜਾਣਾ ਚਾਹੀਦਾ ਹੈ।
ਉਧਰ ਐਡਵੋਕੇਟ ਸਰਬਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਫਿਲਮ ਵਿਚ ਉਹੀ ਦਿਖਾਇਆ ਗਿਆ ਹੈ, ਜੋ ਸੁਪਰੀਮ ਕੋਰਟ ਤੱਕ ਦਾ ਰਿਕਾਰਡ ਬਣਿਆ ਹੈ। ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਹੀ ਕੇਸ ਦਰਜ ਹੋਏ ਤੇ ਸਜ਼ਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਸੂਬੇ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ ਅਤੇ ਭਾਜਪਾ ਨੂੰ ਬਿੱਟੂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ।
ਪੀਪਲਜ਼ ਕਮਿਸ਼ਨ ਬਣਾਉਣ ਦੀ ਮੰਗ ਉਧਰ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੀਪਲਜ਼ ਕਮਿਸ਼ਨ ਬਣਾਉਣ ਦੀ ਮੰਗ ਦੀ ਅਪੀਲ ਕੀਤੀ ਹੈ। ਪਹਿਲਾਂ ਵੀ ਕਈ ਧਿਰਾਂ ਇਹ ਮੰਗ ਕਰ ਚੁੱਕੀਆਂ ਹਨ। ਸ੍ਰੀਮਤੀ ਖਾਲੜਾ ਨੇ ਕਿਹਾ ਕਿ 80 ਤੋਂ 90 ਦੇ ਦਹਾਕਿਆਂ ਤੱਕ ਪੰਜਾਬ ’ਚ ਹੋਏ ਝੂਠੇ ਪੁਲਿਸ ਮੁਕਾਬਲੇ, ਲਾਪਤਾ ਲੋਕਾਂ ਅਤੇ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਲਾਉਣ ਲਈ ਪੀਪਲਜ਼ ਕਮਿਸ਼ਨ ਬਣਾਇਆ ਜਾਵੇ।