ਰਣਜੀ ਟਰਾਫੀ : ਪੰਜਾਬ ਨੇ ਛੱਤੀਸਗੜ੍ਹ ਨੂੰ ਹਰਾਇਆ, 6 ਅੰਕ ਕੀਤੇ ਆਪਣੇ ਨਾਂ ਰਣਜੀ ਟਰਾਫ਼ੀ : ਪੰਜਾਬ ਨੇ ਛੱਤੀਸਗੜ੍ਹ ਨੂੰ ਹਰਾ ਕੇ ਦਰਜ ਕੀਤੀ ਸ਼ਾਨਦਾਰ ਜਿੱਤ, 6 ਅੰਕ ਕੀਤੇ ਆਪਣੇ ਨਾਮ
Publish Date: Wed, 21 Oct 2026 09:20 PM (IST)
Updated Date: Wed, 21 Oct 2026 09:21 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ ਵਿਖੇ ਖੇਡੇ ਗਏ ਰਣਜੀ ਟਰਾਫੀ ਮੁਕਾਬਲੇ ਵਿਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛੱਤੀਸਗੜ੍ਹ ਨੂੰ ਹਰਾ ਕੇ ਮੁਕਾਬਲੇ ਦੇ 6 ਅੰਕ ਆਪਣੇ ਨਾਂ ਕੀਤੇ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪਹਿਲੀ ਪਾਰੀ ਵਿਚ 456 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਪੰਜਾਬ ਦੀ ਪਾਰੀ ਦਾ ਸਭ ਤੋਂ ਵੱਡਾ ਆਕਰਸ਼ਣ ਟੀਮ ਦੇ ਕਪਤਾਨ ਉਦੈ ਸਹਾਰਨ ਦੀ ਸ਼ਾਨਦਾਰ ਬੱਲੇਬਾਜ਼ੀ ਰਹੀ। ਉਨ੍ਹਾਂ ਨੇ 299 ਗੇਂਦਾਂ ’ਤੇ 161 ਦੌੜਾਂ ਦੀ ਬੇਹੱਦ ਮਹੱਤਵਪੂਰਨ ਪਾਰੀ ਖੇਡੀ, ਜਿਸ ਵਿਚ 15 ਚੌਕੇ ਸ਼ਾਮਲ ਸਨ। ਉਦੈ ਸਹਾਰਨ ਨੂੰ ਸਲੀਲ ਅਰੋੜਾ ਦਾ ਵੀ ਬਾਖ਼ੂਬੀ ਸਾਥ ਮਿਲਿਆ, ਜਿਨ੍ਹਾਂ ਨੇ ਸ਼ਾਨਦਾਰ ਸੈਂਕੜਾ ਜੜਦਿਆਂ 107 ਦੌੜਾਂ ਬਣਾਈਆਂ। ਸਲੀਲ ਨੇ ਆਪਣੀ ਪਾਰੀ ਦੌਰਾਨ 10 ਚੌਕੇ ਲਗਾਏ। ਇਸ ਤੋਂ ਬਾਅਦ ਛੱਤੀਸਗੜ੍ਹ ਦੀ ਪਹਿਲੀ ਪਾਰੀ ਵਿਚ ਪੰਜਾਬ ਦੇ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਹਰਪ੍ਰੀਤ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 7 ਵਿਕਟਾਂ ਹਾਸਲ ਕੀਤੀਆਂ, ਜਦਕਿ ਹਰਜਸ ਟੰਡਨ ਨੇ 3 ਵਿਕਟਾਂ ਲਈਆਂ। ਪੰਜਾਬ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਛੱਤੀਸਗੜ੍ਹ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ ਸਿਰਫ਼ 206 ਦੌੜਾਂ ’ਤੇ ਆਊਟ ਹੋ ਗਈ। ਪਹਿਲੀ ਪਾਰੀ ਵਿਚ ਵੱਡੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਪੰਜਾਬ ਨੇ ਛੱਤੀਸਗੜ੍ਹ ਨੂੰ ਫਾਲੋਆਨ ਕਰਾਇਆ। ਦੂਜੀ ਪਾਰੀ ਵਿਚ ਛੱਤੀਸਗੜ੍ਹ ਨੇ ਬਿਹਤਰ ਸ਼ੁਰੂਆਤ ਕੀਤੀ ਅਤੇ ਅਯੂਸ਼ ਪਾਂਡੇ ਨੇ ਸ਼ਾਨਦਾਰ ਸੈਂਕੜਾ ਲਗਾਉਂਦਿਆਂ 111 ਦੌੜਾਂ ਬਣਾਈਆਂ। ਉਨ੍ਹਾਂ ਨੂੰ ਅਮਨਦੀਪ ਖਰੇ ਦਾ ਸਾਥ ਮਿਲਿਆ, ਜਿਨ੍ਹਾਂ ਨੇ 62 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਪੰਜਾਬ ਦੇ ਗੇਂਦਬਾਜ਼ਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਦਿਆਂ ਛੱਤੀਸਗੜ੍ਹ ਦੀ ਦੂਜੀ ਪਾਰੀ ਨੂੰ 335 ਦੌੜਾਂ ’ਤੇ ਸਮੇਟ ਦਿੱਤਾ। ਹਰਜਸ ਟੰਡਨ ਅਤੇ ਇਮਾਨਜੋਤ ਚਹੇਲ ਨੇ 3-3 ਵਿਕਟਾਂ ਹਾਸਲ ਕਰਕੇ ਪੰਜਾਬ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾਇਆ। ਪੰਜਾਬ ਨੂੰ ਜਿੱਤ ਲਈ 86 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਟੀਮ ਨੇ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕਪਤਾਨ ਉਦੈ ਸਹਾਰਨ ਨੇ ਦੂਜੀ ਪਾਰੀ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਿਆਂ 40 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਪੂਰੇ ਮੈਚ ਵਿਚ ਮਹੱਤਵਪੂਰਨ ਯੋਗਦਾਨ ਲਈ ਉਦੈ ਸਹਾਰਨ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਪੰਜਾਬ ਨੇ ਮੁਕਾਬਲੇ ਦੇ 6 ਅੰਕ ਆਪਣੇ ਨਾਂ ਕੀਤੇ। ਇਸ ਤੋਂ ਪਹਿਲਾਂ ਖੇਡੇ ਗਏ ਮੁਕਾਬਲੇ ਵਿਚ ਵੀ ਪੰਜਾਬ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ 3 ਅੰਕ ਹਾਸਲ ਕੀਤੇ ਸਨ। ਇਸ ਤਰ੍ਹਾਂ ਪੰਜਾਬ ਨੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ ਅਤੇ ਟੀਮ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋ ਰਿਹਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸੈਕਟਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਟੀਮ ਨੂੰ ਛੱਤੀਸਗੜ੍ਹ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਪਤਾਨ ਉਦੈ ਸਹਾਰਨ ਦੀ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਪੂਰੀ ਟੀਮ ਦੀ ਇਕਜੁੱਟ ਕੋਸ਼ਿਸ਼ ਦੀ ਸ਼ਲਾਘਾ ਕੀਤੀ।