- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਣਾ ਰਣਬੀਰ ਨੇ ਚੱਪੜਚਿੜੀ ਸਕੂਲ ’ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਦੇ ਮਸ਼ਹੂਰ ਕਾਮੇਡੀਅਨ, ਕਲਾਕਾਰ ਅਤੇ ਅਦਾਕਾਰ ਰਾਣਾ ਰਣਬੀਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੱਪੜਚਿੜੀ ਕਲਾਂ ਵਿਚ ਪੜ੍ਹਦੇ 100 ਤੋਂ ਵੱਧ ਗ਼ਰੀਬ ਤੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ। ਇਸ ਤੋਂ ਪਹਿਲਾਂ ਸਾਬਕਾ ਹਾਕੀ ਖਿਡਾਰਨ ਅਤੇ ਸਮਾਜ ਸੇਵੀ ਨਵਦੀਪ ਕੌਰ ਲੱਖਿਆਣ ਅਤੇ ਅਧਿਆਪਕਾਵਾਂ ਨੇ ਸਕੂਲ ਵਿਚ ਪਹੁੰਚਣ ’ਤੇ ਰਾਣਾ ਰਣਬੀਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ‘ਜੀ ਆਇਆਂ ਨੂੰ’ ਆਖਿਆ।
ਇਸ ਮੌਕੇ ਰਾਣਾ ਰਣਬੀਰ ਨੇ ਕਾਫ਼ੀ ਸਮਾਂ ਸਕੂਲ ਵਿਚ ਬੱਚਿਆਂ ਨਾਲ ਬਿਤਾਇਆ ਅਤੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ। ਰਾਣਾ ਰਣਬੀਰ ਨੇ ਬੱਚਿਆਂ ਨੂੰ ਪੜ੍ਹ-ਲਿਖ ਕੇ ਜੀਵਨ ’ਚ ਕਾਮਯਾਬ ਹੋਣ ਲਈ ਪ੍ਰੇਰਿਆ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ, ਲਗਨ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਇਕ ਅਜਿਹਾ ਗਹਿਣਾ ਹੈ, ਜੋ ਕੋਈ ਕਿਸੇ ਤੋਂ ਖੋਹ ਨਹੀਂ ਸਕਦਾ। ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ।
ਇਸ ਮੌਕੇ ਨਵਦੀਪ ਕੌਰ ਲੱਖਿਆਣ ਨੇ ਵੀ ਸਕੂਲੀ ਬੱਚਿਆਂ ਨਾਲ ਸਵਾਲ ਜਵਾਬ ਕੀਤੇ ਅਤੇ ਉਨ੍ਹਾਂ ਨੂੰ ਪੜ੍ਹ-ਲਿਖ ਕੇ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਪ੍ਰੇਰਿਆ। ਉਨ੍ਹਾਂ ਨੇ ਸਟੇਸ਼ਨਰੀ ਵੰਡਣ ਲਈ ਰਾਣਾ ਰਣਬੀਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਖੀਰ ਵਿਚ ਸਕੂਲ ਦੇ ਸਟਾਫ਼ ਵੱਲੋਂ ਰਾਣਾ ਰਣਬੀਰ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।