ਡੇਲੀਵੇਜ ਕਾਮਿਆਂ ਦੇ ਹੱਕ ’ਚ ਕੀਤੀ ਜਾਣ ਵਾਲੀ ਰੈਲੀ ਐਨ ਮੌਕੇ ਮੁਲਤਵੀ ਡੇਲੀਵੇਜ ਕਾਮਿਆਂ ਦੇ ਹੱਕ ’ਚ ਕੀਤੀ ਜਾਣ ਵਾਲੀ ਰੈਲੀ ਐਨ ਮੌਕੇ ਮੁਲਤਵੀ
Publish Date: Wed, 14 Oct 2026 05:37 PM (IST)
Updated Date: Wed, 14 Oct 2026 05:39 PM (IST)
ਬੋਰਡ ਮੈਨੇਜਮੈਂਟ ਨਾਲ ਹੋਈ ਅਹਿਮ ਮੀਟਿੰਗ ’ਚ ਮੰਗਾਂ ’ਤੇ ਬਣੀ ਸਹਿਮਤੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸੀਟੂ ਅਤੇ ਸਹਿਯੋਗੀ ਜਥੇਬੰਦੀਆਂ ਦੇ ਝੰਡੇ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਵੱਲੋਂ 14 ਅਕਤੂਬਰ ਨੂੰ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਐਨ ਮੌਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਬੋਰਡ ਮੈਨੇਜਮੈਂਟ ਅਤੇ ਜਥੇਬੰਦੀਆਂ ਦੇ ਮੋਹਰੀ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਆਗੂਆਂ ਨੇ ਦਾਅਵਾ ਕੀਤਾ ਕਿ ਮੀਟਿੰਗ ’ਚ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਉੱਤੇ ਆਪਸੀ ਸਹਿਮਤੀ ਬਣ ਗਈ ਹੈ। ਮੀਟਿੰਗ ’ਚ ਹੋਏ ਫ਼ੈਸਲੇ ਮੁਤਾਬਕ 7 ਅਕਤੂਬਰ 2022 ਵਾਲੀ ਨੀਤੀ ਤੇ ਵਿਚਾਰ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਜਥੇਬੰਦੀ ਦੇ ਦੋ ਮੈਂਬਰ ਇਸ ਕਮੇਟੀ ਅੱਗੇ ਆਪਣੀਆਂ ਮੰਗਾਂ ਅਤੇ ਪੱਖ ਰੱਖਣਗੇ। ਕਮੇਟੀ ਦਫ਼ਤਰੀ ਰਿਕਾਰਡ ਅਤੇ ਯੂਨੀਅਨ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੇ ਆਧਾਰ ਤੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਬੋਰਡ ਮੈਨੇਜਮੈਂਟ ਨੂੰ ਸੌਂਪੇਗੀ। ਜਥੇਬੰਦੀ ਮੁਤਾਬਕ ਡੇਲੀਵੇਜ ਕਰਮਚਾਰੀਆਂ ਦੀਆਂ ਹੋਰ ਮੰਗਾਂ ਤੇ ਮਹੱਤਵਪੂਰਨ ਫ਼ੈਸਲੇ ਲਏ ਗਏ। ਬੋਰਡ ਦੇ ਸਕੱਤਰ ਵੱਲੋਂ ਕਰਮਚਾਰੀਆਂ ਦੀਆਂ ਹੋਰ ਸਮੱਸਿਆਵਾਂ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਗਿਆ। ਡੇਲੀਵੇਜ ਕਰਮਚਾਰੀਆਂ ਨੂੰ ਦਫ਼ਤਰੀ ਹੁਕਮਾਂ ਅਨੁਸਾਰ ਵੱਖ-ਵੱਖ ਸ਼ਾਖਾਵਾਂ ’ਚ ਭੇਜਿਆ ਜਾਵੇਗਾ। ਖੇਤਰੀ ਦਫ਼ਤਰਾਂ ਤੋਂ ਮੁੱਖ ਦਫ਼ਤਰ ਬੁਲਾਏ ਗਏ ਕਰਮਚਾਰੀਆਂ ਦੀ ਹਾਜ਼ਰੀ ਉਨ੍ਹਾਂ ਦੇ ਸਬੰਧਤ ਖੇਤਰੀ ਦਫ਼ਤਰਾਂ ’ਚ ਹੀ ਲਗਾਈ ਜਾਵੇਗੀ। ਬੀਤੀ 24 ਸਤੰਬਰ 30 ਸਤੰਬਰ 2026 ਤੱਕ ਕੱਟੀ ਗਈ ਤਨਖ਼ਾਹ ਕਰਮਚਾਰੀਆਂ ਨੂੰ ਜਾਰੀ ਕੀਤੀ ਜਾਵੇਗੀ। 10 ਸਤੰਬਰ ਤੋਂ 17 ਸਤੰਬਰ ਤੱਕ ਵੱਖ-ਵੱਖ ਖੇਤਰੀ ਦਫ਼ਤਰਾਂ ’ਚ ਡਿਊਟੀ ਤੇ ਭੇਜੇ ਗਏ ਕਰਮਚਾਰੀਆਂ ਨੂੰ ਰਾਤ ਨੂੰ ਰਹਿਣ ਅਤੇ ਤਿੰਨ ਸਮੇਂ ਦੇ ਖਾਣੇ ਦਾ ਖ਼ਰਚਾ ਦਿੱਤਾ ਜਾਵੇਗਾ। ਮੀਟਿੰਗ ’ਚ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਜਰਨਲ ਸਕੱਤਰ ਹਰਕੇਸ਼ ਰਾਣਾ, ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਜਰਨਲ ਸਕੱਤਰ ਇੰਦਰਜੀਤ ਸਿੰਘ, ਗੁਰਮੀਤ ਸਿੰਘ, ਬਿਕਰਮਜੀਤ ਸਿੰਘ, ਕਰਮਚਾਰੀ ਮਹਾਸੰਘ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਸਮੇਤ ਕਿਸਾਨ ਯੂਨੀਅਨ (ਕਾਦੀਆਂ) ਦੇ ਜਰਨਲ ਸਕੱਤਰ ਕਮਲ ਸਿੰਘ, ਕਿਸਾਨ ਆਗੂ ਗੁਰਤੇਜ ਸਿੰਘ ਅਤੇ ਦਲਵੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਬੋਰਡ ਮੈਨੇਜਮੈਂਟ ਵੱਲੋਂ ਸਕੱਤਰ ਸਕੱਤਰ ਸਿੰਘ ਬੱਲ, ਉਪ ਸਕੱਤਰ ਗੁਰਤੇਜ ਸਿੰਘ, ਸਹਾਇਕ ਸਕੱਤਰ (ਅਮਲਾ) ਅਮਰਜੀਤ ਸਿੰਘ ਅਤੇ ਅਮਲਾ ਸ਼ਾਖਾ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ।