- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਇੱਕ ਜਾਂ ਦੋ ਦਿਨਾਂ ਦੇ ਅੰਦਰ ਕਾਂਗਰਸ ਨਵੇਂ ਪ੍ਰਦੇਸ਼ ਪ੍ਰਧਾਨ ਦੀ ਘੋਸ਼ਣਾ ਕਰ ਸਕਦੀ ਹੈ। ਪ੍ਰਧਾਨ ਦੀ ਦੌੜ ’ਚ ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ, ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ। ਇਸ ਸੂਚੀ ਵਿੱਚ ਵਿਜੇ ਇੰਦਰ ਸਿੰਗਲਾ ਦਾ ਨਾਂ ਸਿਖ਼ਰ 'ਤੇ ਹੈ।

ਹਾਲਾਂਕਿ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਰਾਜ ਪਾਰਟੀ ਲੀਡਰਸ਼ਿਪ ਵਿੱਚ ਸੰਭਾਵੀ ਤਬਦੀਲੀ ਦੀਆਂ ਅਟਕਲਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੁਝ ਮਾਮਲੇ ਅੰਦਰੂਨੀ ਹੁੰਦੇ ਹਨ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ, ਤਾਂ ਵੜਿੰਗ ਨੇ ਕਿਹਾ, "ਮੈਂ ਕਿਸੇ ਵੀ ਚੀਜ਼ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਤੁਹਾਨੂੰ ਦੱਸਾਂਗਾ।"
ਦੱਸ ਦਈਏ ਕਿ ਇਹ ਘਟਨਾਕ੍ਰਮ ਕਾਂਗਰਸ ਵੱਲੋਂ ਹਾਲ ਹੀ ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਜਗ੍ਹਾ ਸਚਿਨ ਪਾਇਲਟ ਨੂੰ ਪੰਜਾਬ ਲਈ ਪਾਰਟੀ ਦਾ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ਕਾਂਗਰਸ ਪੰਜਾਬ ਵਿੱਚ ਅੰਦਰੂਨੀ ਮਤਭੇਦਾਂ ਨਾਲ ਜੂਝ ਰਹੀ ਹੈ, ਜਿਸ ’ਚ ਵੱਖ-ਵੱਖ ਗੁੱਟ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਧ ਮਹੱਤਵ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵੜਿੰਗ ਨੂੰ ਪਹਿਲਾਂ ਵੀ ਪਾਰਟੀ ਦੇ ਕੁਝ ਵਰਗਾਂ ਵੱਲੋਂ ਆਪਣੇ ਪ੍ਰਦਰਸ਼ਨ ਅਤੇ ਲੀਡਰਸ਼ਿਪ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਅਗਸਤ ਵਿੱਚ ਵੜਿੰਗ ਨੇ ਪੰਜਾਬ ਵਿੱਚ ਕਾਂਗਰਸ ਦੇ ਚੋਣ ਪ੍ਰਦਰਸ਼ਨ ਨੂੰ ਲੈ ਕੇ ਹੋਈ ਆਲੋਚਨਾ ਦੇ ਖ਼ਿਲਾਫ਼ ਆਪਣਾ ਬਚਾਅ ਕੀਤਾ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਪਤਨ ਲਈ ਆਪਣੇ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ 'ਤੇ ਸਵਾਲ ਚੁੱਕੇ ਸਨ।
ਉਨ੍ਹਾਂ ਕਿਹਾ ਸੀ ਕਿ ਇਕੋ-ਇਕ ਗ਼ਲਤੀ ਇਹ ਹੈ ਕਿ ਜਦੋਂ ਕਾਂਗਰਸ ਪਾਰਟੀ ਕੋਲ 80 ਸੀਟਾਂ ਸਨ, ਤਾਂ ਅਸੀਂ 80 ਤੋਂ ਘਟ ਕੇ 18 ਸੀਟਾਂ 'ਤੇ ਆ ਗਏ। ਕੀ ਇਹ ਮੇਰੀ ਗ਼ਲਤੀ ਹੈ?
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ 2027 ਦੀਆਂ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਸੀ।