ਪੰਜਾਬ ਕਾਂਗਰਸ 'ਚ ਧੜੇਬੰਦੀ ਖ਼ਤਮ ਕਰਨ ਦਾ ਨਵਾਂ ਫਾਰਮੂਲਾ! CM ਚਿਹਰਾ ਅਜੇ ਨਹੀਂ, ਰਾਹੁਲ ਗਾਂਧੀ ਖ਼ੁਦ ਸੰਭਾਲਣਗੇ ਚੋਣ ਮੁਹਿੰਮ ਪਾਇਲਟ ਮੁਤਾਬਕ ਪਾਰਟੀ ਸਾਂਝੀ ਅਗਵਾਈ ’ਚ ਚੋਣ ਲੜੇਗੀ ਅਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਚੋਣਾਂ 'ਚ ਬਹੁਮਤ ਮਿਲਣ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂ 'ਤੇ ਫੈਸਲਾ ਕੀਤਾ ਜਾਵੇਗਾ। ਪੰਜਾਬ ਦੇ ਇੰਚਾਰਜ ਬਣਨ ਤੋਂ ਬਾਅਦ ਪਾਇਲਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪ੍ਰਦੇਸ਼ ਕਾਂਗਰਸ ’ਚ ਨੇਤਾਗਿਰੀ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ।
Publish Date: Thu, 10 Sep 2026 12:51 PM (IST)
Updated Date: Thu, 10 Sep 2026 12:54 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਸਪੱਸ਼ਟ ਕਰ ਦਿੱਤੀ ਹੈ। ਕਾਂਗਰਸ ਪੰਜਾਬ ’ਚ ਚੋਣਾਂ ਤੋਂ ਪਹਿਲਾਂ ਕਿਸੇ ਵੀ ਨੇਤਾ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਘੋਸ਼ਿਤ ਨਹੀਂ ਕਰੇਗੀ।
ਪਾਇਲਟ ਮੁਤਾਬਕ ਪਾਰਟੀ ਸਾਂਝੀ ਅਗਵਾਈ ’ਚ ਚੋਣ ਲੜੇਗੀ ਅਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਚੋਣਾਂ 'ਚ ਬਹੁਮਤ ਮਿਲਣ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂ 'ਤੇ ਫੈਸਲਾ ਕੀਤਾ ਜਾਵੇਗਾ। ਪੰਜਾਬ ਦੇ ਇੰਚਾਰਜ ਬਣਨ ਤੋਂ ਬਾਅਦ ਪਾਇਲਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪ੍ਰਦੇਸ਼ ਕਾਂਗਰਸ ’ਚ ਨੇਤਾਗਿਰੀ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ।
ਪਾਇਲਟ ਦੇ ਬਿਆਨ ਨਾਲ ਬਹਿਸ ’ਤੇ ਰੋਕ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਸਿਆਸੀ ਦੂਰੀ ਲਗਾਤਾਰ ਚਰਚਾ 'ਚ ਹੈ। ਚੰਨੀ ਖੇਮੇ ਵੱਲੋਂ ਵੜਿੰਗ ਨੂੰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਅਤੇ ਚੋਣਾਂ 'ਚ ਚੰਨੀ ਨੂੰ ਮੁੱਖ ਚਿਹਰਾ ਬਣਾਉਣ ਦੀ ਮੰਗ ਵੀ ਸਾਹਮਣੇ ਆਉਂਦੀ ਰਹੀ ਹੈ।
ਅਜਿਹੇ 'ਚ ਪਾਇਲਟ ਦਾ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਦਿੱਤਾ ਗਿਆ ਬਿਆਨ ਪਾਰਟੀ ਦੇ ਅੰਦਰ ਚੱਲ ਰਹੀ ਇਸ ਬਹਿਸ ਨੂੰ ਫਿਲਹਾਲ ਵਿਰਾਮ ਦਿੰਦਾ ਦਿਖਾਈ ਦੇ ਰਿਹਾ ਹੈ। ਪਾਇਲਟ ਨੇ ਸੰਕੇਤ ਦਿੱਤਾ ਕਿ ਕਾਂਗਰਸ ਲਈ ਕਿਸੇ ਇੱਕ ਵਿਅਕਤੀ ਦਾ ਚਿਹਰਾ ਮਹੱਤਵਪੂਰਨ ਨਹੀਂ, ਸਗੋਂ ਪੂਰੀ ਪਾਰਟੀ ਦਾ ਇੱਕਜੁੱਟ ਹੋ ਕੇ ਚੋਣ ਲੜਨਾ ਅਹਿਮ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਇੱਕ ਟੀਮ ਵਜੋਂ ਚੋਣ ਮੈਦਾਨ 'ਚ ਉੱਤਰੇਗੀ ਅਤੇ ਰਾਹੁਲ ਗਾਂਧੀ ਮੁਹਿੰਮ ਦਾ ਮੁੱਖ ਚਿਹਰਾ ਹੋਣਗੇ। ਉਨ੍ਹਾਂ ਦਾ ਜ਼ੋਰ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸਾਰੇ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ 'ਤੇ ਹੈ। ਪਾਇਲਟ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੋਂ ਇੱਕਜੁੱਟ ਹੋ ਕੇ ਚੋਣ ਲੜਨ ਦੀ ਉਮੀਦ ਜਤਾਈ ਹੈ।
ਸਮੂਹਕ ਮਿਹਨਤ ਨਾਲ ਸੱਤਾ ਵਾਪਸੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਸਾਂਝੀ ਮਿਹਨਤ ਅਤੇ ਮਜ਼ਬੂਤ ਸੰਗਠਨ ਦੇ ਦਮ 'ਤੇ ਪੰਜਾਬ 'ਚ ਕਾਂਗਰਸ ਦੀ ਸੱਤਾ 'ਚ ਵਾਪਸੀ ਦਾ ਭਰੋਸਾ ਜਤਾਇਆ ਸੀ। ਕਾਂਗਰਸ ਲਈ ਇਹ ਰਣਨੀਤੀ ਇਸ ਲਈ ਵੀ ਅਹਿਮ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੋਣ ਲੜੀ ਸੀ ਅਤੇ ਸੱਤਾ ਹਾਸਲ ਕੀਤੀ ਸੀ।
ਓਧਰ 2022 'ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰਕੇ ਚੋਣ ਮੈਦਾਨ 'ਚ ਉੱਤਰ ਕੇ ਸਰਕਾਰ ਬਣਾਈ ਸੀ। ਹੁਣ ਕਾਂਗਰਸ ਬਿਨਾ ਮੁੱਖ ਮੰਤਰੀ ਚਿਹਰੇ ਦੇ ਚੋਣਾਂ 'ਚ ਉੱਤਰਨ ਦੀ ਰਣਨੀਤੀ ਅਪਣਾ ਰਹੀ ਹੈ। ਪਾਇਲਟ ਜਲਦ ਹੀ ਪੰਜਾਬ ਦੌਰੇ 'ਤੇ ਆਉਣ ਵਾਲੇ ਹਨ। ਅਜਿਹੇ 'ਚ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਦੇਸ਼ ਕਾਂਗਰਸ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਹੋਵੇਗੀ। ਖਾਸ ਤੌਰ 'ਤੇ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਉਨ੍ਹਾਂ ਦੇ ਦੌਰੇ ਅਤੇ ਅੱਗੇ ਰਾਹੁਲ ਗਾਂਧੀ ਦੀ ਸੰਭਾਵਿਤ ਪੰਜਾਬ ਯਾਤਰਾ ਦੌਰਾਨ ਚੰਨੀ, ਰੰਧਾਵਾ ਅਤੇ ਵੜਿੰਗ ਕਿਸ ਤਰ੍ਹਾਂ ਇਕੱਠੇ ਦਿਖਾਈ ਦਿੰਦੇ ਹਨ।