ਪੰਜਾਬੀਆਂ ਨੂੰ ਮੁਫ਼ਤਖੋਰੇ ਤੇ ਵੇਹਲੜ੍ਹ ਬਣਾਕੇ ਵਰਤਿਆ ਜਾ ਰਿਹੈ : ਦੁੱਮਣਾ ਪੰਜਾਬੀਆਂ ਨੂੰ ਮੁਫ਼ਤਖੋਰੇ ਤੇ ਵੇਹਲੜ੍ਹ ਬਣਾਕੇ ਵਰਤਿਆ ਜਾ ਰਿਹੈ : ਦੁੱਮਣਾ
Publish Date: Sat, 24 Oct 2026 06:07 PM (IST)
Updated Date: Sun, 25 Oct 2026 04:02 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੀ ਇਕ ਵਿਸ਼ੇਸ਼ ਬੈਠਕ ਖ਼ਾਲਸਾ ਸਕੂਲ ਵਿਚ ਜ਼ੋਰਾ ਸਿੰਘ ਚੱਪੜਚਿੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ੋਰਾ ਸਿੰਘ ਚੱਪੜਚਿੜੀ ਤੇ ਹੋਰਨਾਂ ਬੁਲਾਰਿਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਸ਼ਰੇਆਮ ਕਤਲ ਤੇ ਖ਼ੂਨੀ ਝੜਪਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਨਸ਼ੇ ਦਾ ਵਿਰੋਧ ਕਰਨ ਤੇ ਨਸ਼ਾ ਰੋਕਣ ਵਾਲਿਆਂ ਨੂੰ ਇਸ ਦੇ ਬਦਲੇ ਆਪਣਾ ਬਲਿਦਾਨ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਕਿ ਪੁਲਿਸ ਵੀ ਨਸ਼ੇ ਵੇਚਣ ਵਾਲਿਆਂ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਹਾਲ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਦੇ ਸਰਪ੍ਰਸਤ ਆਗੂ ਰਵੀਇੰਦਰ ਸਿੰਘ ਦੁੱਮਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਦੇ ਮਿਹਨਤੀ ਤੇ ਅਣਖੀ ਲੋਕਾਂ ਨੂੰ ਅੱਜ ਸਰਕਾਰਾਂ ਵੱਲੋਂ ਵੇਹਲੜ੍ਹ ਤੇ ਮੁਫ਼ਤਖੋਰੇ ਬਣਾਕੇ ਰੱਖ ਦਿੱਤਾ ਹੈ ਤੇ ਆਪਣੀਆਂ ਵੋਟਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਨੂੰ ਇਕ ਹਜ਼ਾਰ ਤੇ 1500 ਰੁਪਏ ਦੇ ਕੇ ਵਾਰ-ਵਾਰ ਕਹਿ ਕੇ ਸ਼ਰਮਿੰਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸੂਬੇ ਦੇ ਵਸਨੀਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਮੁਫ਼ਤ ਦੀਆਂ ਚੀਜ਼ਾਂ ਪਿੱਛੇ ਲੱਗਕੇ ਆਪਣੀ ਜ਼ਮੀਰ ਨਾ ਮਾਰੋ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਵਿਚ ਸੀਬੀਆਈ ਦੀ ਟੀਮ ਜਾਂਚ ਕਰ ਰਹੀ ਹੈ, ਉਸੇ ਤਰ੍ਹਾਂ ਦੂਜੇ ਕਤਲਾਂ ਦੀ ਜਾਂਚ ਵੀ ਸੀਬੀਆਈ ਨੂੰ ਸੌਂਪਕੇ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਦੇ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਇਸ ਮੌਕੇ ਭਜਨ ਸਿੰਘ ਸ਼ੇਰਗਿੱਲ ਸਾਬਕਾ ਐੱਸਜੀਪੀਸੀ ਮੈਂਬਰ, ਹਰਬੰਸ ਸਿੰਘ ਕੰਧੋਲਾ, ਦੀਦਾਰ ਸਿੰਘ, ਰਵਿੰਦਰ ਸਿੰਘ, ਹਾਕਮ ਸਿੰਘ, ਤਲਵਿੰਦਰ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ, ਸਨਵੇਲ ਸਿੰਘ, ਡਾ. ਜਗੀਰ ਸਿੰਘ, ਭਜਨ ਸਿੰਘ, ਜਗਜੀਤ ਸਿੰਘ, ਇਕਬਾਲ ਸਿੰਘ, ਜਗਮਿੰਦਰ ਸਿੰਘ, ਹਰਜਿੰਦਰ ਸਿੰਘ, ਭਗਤ ਸਿੰਘ ਤੇ ਹੋਰ ਮੌਜੂਦ ਸਨ।