- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਡੀਪੀਐੱਸ ਕੇਸ 'ਚ ਪੰਜਾਬੀ ਗਾਇਕ ਵੱਡਾ ਗਰੇਵਾਲ ਬਰੀ : ਦੋਸ਼ ਸਿੱਧ ਕਰਨ 'ਚ ਨਾਕਾਮ ਰਹੀ ਪੁਲਿਸ

ਦੋਸ਼ ਸਿੱਧ ਕਰਨ ’ਚ ਨਾਕਾਮ ਰਹੀ ਪੁਲਿਸ
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬੀ ਗਾਇਕ ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ ਨੂੰ ਐੱਨਡੀਪੀਐੱਸ ਐਕਟ ਤਹਿਤ ਦਰਜ ਇਕ ਮਾਮਲੇ ’ਚ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਪੱਖ ਗਾਇਕ ਖ਼ਿਲਾਫ਼ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ਦੇ ਦੋਸ਼ਾਂ ਨੂੰ ਸ਼ੱਕ ਤੋਂ ਪਰੇ ਸਾਬਤ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਅਦਾਲਤੀ ਫ਼ੈਸਲੇ ਅਨੁਸਾਰ ਐੱਨਡੀਪੀਐੱਸ ਮਾਮਲਿਆਂ ਵਿਚ ਬਰਾਮਦਗੀ ਦਾ ਮੁਲਜ਼ਮ ਦੇ ‘ਸਚੇਤ ਕਬਜ਼ੇ’ ’ਚ ਹੋਣਾ ਸਾਬਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ, ਜੋ ਇਸ ਕੇਸ ਵਿਚ ਨਹੀਂ ਹੋ ਸਕਿਆ।
ਕੀ ਸੀ ਪੂਰਾ ਮਾਮਲਾ : ਇਹ ਮਾਮਲਾ 15 ਅਪ੍ਰੈਲ 2020 ਦਾ ਹੈ। ਦੋਸ਼ ਲਗਾਇਆ ਗਿਆ ਸੀ ਕਿ ਗਾਇਕ ਵੱਡਾ ਗਰੇਵਾਲ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਸੋਹਾਣਾ ਸਥਿਤ ਐੱਸਜੀਐੱਚਐੱਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਥਾਣਾ ਸੋਹਾਣਾ ਪੁਲਿਸ ਨੇ ਹਸਪਤਾਲ ਦੇ ਕਮਰੇ ’ਚ ਪਹੁੰਚ ਕੇ ਦੂਜੇ ਬੈੱਡ ’ਤੇ ਰੱਖੇ ਬੈਗ ਵਿਚੋਂ 30 ਗ੍ਰਾਮ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਐੱਨਡੀਪੀਐੱਸ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ।
ਅਦਾਲਤ ’ਚ ਬਚਾਅ ਪੱਖ ਦੀ ਦਲੀਲ : ਬਚਾਅ ਪੱਖ ਦੇ ਵਕੀਲ ਦੀਕਸ਼ਿਤ ਅਰੋੜਾ ਨੇ ਅਦਾਲਤ ਵਿਚ ਮਜ਼ਬੂਤ ਦਲੀਲ ਦਿੱਤੀ ਕਿ ਪੁਲਿਸ ਕੋਲ ਬਰਾਮਦ ਬੈਗ ਨੂੰ ਮੁਲਜ਼ਮ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸਿਰਫ਼ ਕਿਸੇ ਜਗ੍ਹਾ ਤੋਂ ਨਸ਼ੀਲਾ ਪਦਾਰਥ ਮਿਲ ਜਾਣਾ ਹੀ ਕਾਫ਼ੀ ਨਹੀਂ ਹੈ, ਬਲਕਿ ਇਹ ਸਾਬਤ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਉਹ ਪਦਾਰਥ ਮੁਲਜ਼ਮ ਦੇ ਸਚੇਤ ਕਬਜ਼ੇ ਵਿਚ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਗਾਇਕ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਬਕਸਾ ਲਾਓ
ਅਦਾਲਤ ’ਚ ਇੰਜ ਝੂਠੀ ਸਾਬਤ ਹੋਈ ਪੁਲਿਸ ਦੀ ਕਹਾਣੀ
ਕਬਜ਼ੇ ਦਾ ਕੋਈ ਠੋਸ ਸਬੂਤ ਨਹੀਂ : ਬਰਾਮਦ ਕੀਤਾ ਗਿਆ ਬੈਗ ਗਾਇਕ ਦੇ ਬੈੱਡ ’ਤੇ ਨਹੀਂ, ਬਲਕਿ ਕਮਰੇ ਦੇ ਦੂਜੇ ਬੈੱਡ ’ਤੇ ਰੱਖਿਆ ਹੋਇਆ ਸੀ। ਬੈਗ ਨੂੰ ਗਾਇਕ ਨਾਲ ਜੋੜਨ ਵਾਲਾ ਕੋਈ ਸ਼ਨਾਖਤੀ ਕਾਰਡ ਜਾਂ ਨਿੱਜੀ ਸਾਮਾਨ ਨਹੀਂ ਮਿਲਿਆ।
ਜਾਂਚ ਅਧਿਕਾਰੀ ਦਾ ਕਬੂਲਨਾਮਾ : ਬਹਿਸ ਦੌਰਾਨ ਜਾਂਚ ਅਧਿਕਾਰੀ ਨੇ ਖ਼ੁਦ ਮੰਨਿਆ ਕਿ ਇਹ ਪੂਰੀ ਸੰਭਾਵਨਾ ਸੀ ਕਿ ਉਹ ਬੈਗ ਕਿਸੇ ਹੋਰ ਵਿਅਕਤੀ ਦਾ ਹੋਵੇ।
ਆਜ਼ਾਦ ਗਵਾਹਾਂ ਦੀ ਘਾਟ : ਬਰਾਮਦਗੀ ਵੇਲੇ ਹਸਪਤਾਲ ਦੇ ਕਿਸੇ ਕਰਮਚਾਰੀ ਜਾਂ ਆਜ਼ਾਦ ਗਵਾਹ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
ਮੈਡੀਕਲ ਸਬੂਤ ਵੀ ਅਧੂਰੇ : ਨਸ਼ਾ ਸੇਵਨ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਸੈਂਪਲ ਦੀ ਐੱਫ਼ਐੱਸਐੱਲ ਰਿਪੋਰਟ ਅਦਾਲਤ 'ਚ ਪੇਸ਼ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਡਾਕਟਰ ਦੀ ਗਵਾਹੀ ਵੀ ਨਹੀਂ ਕਰਵਾਈ ਗਈ ਅਤੇ ਨਾ ਹੀ ਮੈਡੀਕਲ ਰਿਕਾਰਡ ਨਿਯਮਿਤ ਰਿਕਾਰਡ ਕੀਪਰ ਰਾਹੀਂ ਪੇਸ਼ ਹੋਇਆ।