ਸ਼ਾਰਜਾਹ ਦੇ 3000 ਤੋਂ ਵੱਧ ਉਦਯੋਗਾਂ ਨਾਲ ਜੁੜੇਗਾ ਪੰਜਾਬ, ਮੰਤਰੀ ਅਮਨ ਅਰੋੜਾ ਦਾ ਵੱਡਾ ਦਾਅ; ਜਾਣੋ ਕਿਵੇਂ ਮਿਲੇਗਾ ਸਥਾਨਕ ਉਦਯੋਗਾਂ ਨੂੰ ਫ਼ਾਇਦਾ ਪੰਜਾਬ ਦੇ ਉਦਯੋਗਾਂ ਲਈ ਸੰਯੁਕਤ ਅਰਬ ਅਮੀਰਾਤ (UAE) 'ਚ ਕਾਰੋਬਾਰ ਵਧਾਉਣ ਦਾ ਰਾਹ ਹੋਰ ਆਸਾਨ ਹੋ ਸਕਦਾ ਹੈ। ਪੰਜਾਬ ਸਰਕਾਰ ਹੁਣ ਨਿਵੇਸ਼ ਦੇ ਨਾਲ-ਨਾਲ ਸਿੱਧੀ ਕਾਰੋਬਾਰੀ ਸਾਂਝੇਦਾਰੀ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਸ਼ਾਰਜਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡਿਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ (IBPC) ਨਾਲ ਮੀਟਿੰਗ ਕਰਕੇ ਪੰਜਾਬ ਅਤੇ ਸ਼ਾਰਜਾਹ ਦੇ ਉਦਯੋਗਾਂ ਵਿਚਕਾਰ ਸਾਂਝੇ ਉੱਦਮ, ਨਿਰਯਾਤ, ਤਕਨੀਕੀ ਸਹਿਯੋਗ ਅਤੇ ਬਾਜ਼ਾਰ ਤੱਕ ਪਹੁੰਚ ਵਧਾਉਣ ਬਾਰੇ ਚਰਚਾ ਕੀਤੀ।
Publish Date: Thu, 10 Sep 2026 04:42 PM (IST)
Updated Date: Thu, 10 Sep 2026 04:44 PM (IST)
ਰੋਹਿਤ ਕੁਮਾਰ, ਚੰਡੀਗੜ੍ਹ - ਪੰਜਾਬ ਦੇ ਉਦਯੋਗਾਂ ਲਈ ਸੰਯੁਕਤ ਅਰਬ ਅਮੀਰਾਤ (UAE) 'ਚ ਕਾਰੋਬਾਰ ਵਧਾਉਣ ਦਾ ਰਾਹ ਹੋਰ ਆਸਾਨ ਹੋ ਸਕਦਾ ਹੈ। ਪੰਜਾਬ ਸਰਕਾਰ ਹੁਣ ਨਿਵੇਸ਼ ਦੇ ਨਾਲ-ਨਾਲ ਸਿੱਧੀ ਕਾਰੋਬਾਰੀ ਸਾਂਝੇਦਾਰੀ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਸ਼ਾਰਜਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡਿਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ (IBPC) ਨਾਲ ਮੀਟਿੰਗ ਕਰਕੇ ਪੰਜਾਬ ਅਤੇ ਸ਼ਾਰਜਾਹ ਦੇ ਉਦਯੋਗਾਂ ਵਿਚਕਾਰ ਸਾਂਝੇ ਉੱਦਮ, ਨਿਰਯਾਤ, ਤਕਨੀਕੀ ਸਹਿਯੋਗ ਅਤੇ ਬਾਜ਼ਾਰ ਤੱਕ ਪਹੁੰਚ ਵਧਾਉਣ ਬਾਰੇ ਚਰਚਾ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ‘ਇਨਵੈਸਟ ਪੰਜਾਬ’ ਸ਼ਾਰਜਾਹ ਦੇ ਨਿਰਮਾਤਾਵਾਂ, ਨਿਰਯਾਤਕਾਂ ਅਤੇ ਸੇਵਾ ਖੇਤਰ ਨਾਲ ਜੁੜੇ ਕਾਰੋਬਾਰੀਆਂ ਨੂੰ ਪੰਜਾਬ ਦੇ ਸਬੰਧਤ ਉਦਯੋਗਾਂ ਨਾਲ ਜੋੜੇਗਾ। ਇਸੇ ਤਰ੍ਹਾਂ ਸੰਯੁਕਤ ਅਰਬ ਅਮੀਰਾਤ 'ਚ ਕਾਰੋਬਾਰ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਪੰਜਾਬ ਦੀਆਂ ਕੰਪਨੀਆਂ ਨੂੰ ਵੀ ਬਾਜ਼ਾਰ ਅਤੇ ਸੰਭਾਵਿਤ ਕਾਰੋਬਾਰੀ ਭਾਈਵਾਲ ਲੱਭਣ 'ਚ ਮਦਦ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਸਿਰਫ਼ ਨਿਵੇਸ਼ ਲਿਆਉਣਾ ਨਹੀਂ, ਸਗੋਂ ਦੋਵਾਂ ਖੇਤਰਾਂ ਦੀਆਂ ਕੰਪਨੀਆਂ ਵਿਚਕਾਰ ਲੰਬੇ ਸਮੇਂ ਦੇ ਕਾਰੋਬਾਰੀ ਰਿਸ਼ਤੇ ਕਾਇਮ ਕਰਨਾ ਹੈ।
UAE ਬਣੇਗਾ ਪੰਜਾਬ ਲਈ ਗਲੋਬਲ ਮਾਰਕੀਟ ਦਾ ਗੇਟਵੇ ਮੀਟਿੰਗ ਦੌਰਾਨ ਭਾਰਤ-ਸੰਯੁਕਤ ਅਰਬ ਅਮੀਰਾਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਤੋਂ ਪੈਦਾ ਹੋਣ ਵਾਲੇ ਮੌਕਿਆਂ ’ਤੇ ਵੀ ਚਰਚਾ ਕੀਤੀ ਗਈ। ਅਮਨ ਅਰੋੜਾ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਪੰਜਾਬ ਦੇ ਨਿਰਮਾਤਾਵਾਂ ਅਤੇ ਨਿਰਯਾਤਕਾਂ ਲਈ ਮੱਧ ਪੂਰਬ ਤੋਂ ਇਲਾਵਾ ਹੋਰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਲਈ ਗੇਟਵੇ ਸਾਬਤ ਹੋ ਸਕਦਾ ਹੈ। ਉਨ੍ਹਾਂ ਸ਼ਾਰਜਾਹ ਦੇ ਕਾਰੋਬਾਰੀ ਭਾਈਚਾਰੇ ਨੂੰ ਪੰਜਾਬ ਆਉਣ ਅਤੇ ਇੱਥੇ ਨਿਵੇਸ਼ ਤੇ ਕਾਰੋਬਾਰ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੱਦਾ ਦਿੱਤਾ। ਮੰਤਰੀ ਨੇ ਕਿਹਾ ਕਿ ਪੰਜਾਬ 'ਚ ਨਿਯਮਾਂ ਨੂੰ ਸਰਲ ਬਣਾਉਣ, ਕਾਰੋਬਾਰ ਕਰਨ 'ਚ ਆਸਾਨੀ ਵਧਾਉਣ ਅਤੇ ਨਿਵੇਸ਼ਕਾਂ ਨੂੰ ਨਿਵੇਸ਼ ਦੀ ਸ਼ੁਰੂਆਤ ਤੋਂ ਲੈ ਕੇ ਨਿਵੇਸ਼ ਤੋਂ ਬਾਅਦ ਤੱਕ ਸਹੂਲਤਾਂ ਦੇਣ ਲਈ ਕਈ ਸੁਧਾਰ ਕੀਤੇ ਗਏ ਹਨ।
ਸ਼ਾਰਜਾਹ 'ਚ 3000 ਤੋਂ ਵੱਧ ਮੈਨਿਊਫੈਕਚਰਿੰਗ ਯੂਨਿਟ ਸ਼ਾਰਜਾਹ ਦੇ ਉਦਯੋਗਿਕ ਢਾਂਚੇ ਨੂੰ ਪੰਜਾਬ ਲਈ ਵੱਡਾ ਕਾਰੋਬਾਰੀ ਮੌਕਾ ਮੰਨਿਆ ਜਾ ਰਿਹਾ ਹੈ। ਮੀਟਿੰਗ 'ਚ ਦੱਸਿਆ ਗਿਆ ਕਿ ਸ਼ਾਰਜਾਹ 'ਚ 3000 ਤੋਂ ਵੱਧ ਮੈਨਿਊਫੈਕਚਰਿੰਗ ਯੂਨਿਟ, 7 ਫ੍ਰੀ ਜ਼ੋਨ ਅਤੇ 18 ਉਦਯੋਗਿਕ ਜ਼ੋਨ ਹਨ। ਅਜਿਹੇ 'ਚ ਪੰਜਾਬ ਦੇ ਉਦਯੋਗਾਂ ਲਈ ਸ਼ਾਰਜਾਹ ਦੇ ਬਾਜ਼ਾਰ ਤੱਕ ਪਹੁੰਚ ਬਣਾਉਣ ਦੇ ਨਾਲ-ਨਾਲ ਉੱਥੋਂ ਦੇ ਕਾਰੋਬਾਰੀਆਂ ਨੂੰ ਪੰਜਾਬ ਨਾਲ ਜੋੜਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ।
‘ਫਾਸਟ-ਟ੍ਰੈਕ ਪੰਜਾਬ’ ਰਾਹੀਂ ਨਿਵੇਸ਼ਕਾਂ ਨੂੰ ਸਿੰਗਲ-ਪੁਆਇੰਟ ਸਹੂਲਤ ‘ਇਨਵੈਸਟ ਪੰਜਾਬ’ ਦੇ CEO ਅਮਿਤ ਢਾਕਾ ਨੇ ਪੰਜਾਬ 'ਚ ਨਿਵੇਸ਼ ਦੇ ਮੌਕਿਆਂ ਅਤੇ ਉਦਯੋਗਿਕ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਫਾਸਟ-ਟ੍ਰੈਕ ਪੰਜਾਬ’ ਪੋਰਟਲ ਰਾਹੀਂ ਨਿਵੇਸ਼ਕਾਂ ਨੂੰ ਰੈਗੂਲੇਟਰੀ ਮਨਜ਼ੂਰੀਆਂ ਅਤੇ ਨਿਵੇਸ਼ ਸਹੂਲਤ ਲਈ ਸਿੰਗਲ-ਪੁਆਇੰਟ ਪ੍ਰਣਾਲੀ ਉਪਲਬਧ ਕਰਵਾਈ ਜਾ ਰਹੀ ਹੈ। ਸਰਕਾਰ ਨੂੰ ਉਮੀਦ ਹੈ ਕਿ ਪੰਜਾਬ-ਸ਼ਾਰਜਾਹ ਵਿਚਕਾਰ ਕਾਰੋਬਾਰੀ ਸੰਪਰਕ ਵਧਣ ਨਾਲ ਸਾਂਝੇ ਉੱਦਮ, ਨਿਰਯਾਤ ਅਤੇ ਗਲੋਬਲ ਵੈਲਿਊ ਚੇਨ 'ਚ ਪੰਜਾਬ ਦੀ ਹਿੱਸੇਦਾਰੀ 'ਚ ਵਾਧਾ ਹੋਵੇਗਾ।