- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਖਣੀ ਈਰਾਨ ਦੇ ਸ਼ਹਿਰ ਮਿਨਾਬ ਵਿਖੇ 28 ਫਰਵਰੀ 2026 ਨੂੰ ਅਮਰੀਕੀ ਮਿਜ਼ਾਇਲ ਹਮਲੇ ਦੌਰਾਨ ਐਲੀਮੈਂਟਰੀ ਸਕੂਲ ’ਚ ਮਾਰੇ ਗਏ ਸੈਂਕੜੇ ਨਿਰਦੋਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਨੇ ਮਾਨਵੀ ਸਹਾਇਤਾ ਦਾ ਹੱਥ ਵਧਾਇਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਦੱਖਣੀ ਈਰਾਨ ਦੇ ਸ਼ਹਿਰ ਮਿਨਾਬ ਵਿਖੇ 28 ਫਰਵਰੀ 2026 ਨੂੰ ਅਮਰੀਕੀ ਮਿਜ਼ਾਇਲ ਹਮਲੇ ਦੌਰਾਨ ਐਲੀਮੈਂਟਰੀ ਸਕੂਲ ’ਚ ਮਾਰੇ ਗਏ ਸੈਂਕੜੇ ਨਿਰਦੋਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਨੇ ਮਾਨਵੀ ਸਹਾਇਤਾ ਦਾ ਹੱਥ ਵਧਾਇਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਹਰਦੀਪ ਸਿੰਘ ਟੋਡਰਪੁਰ ਅਤੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਅਤੇ ਹੋਰਨਾਂ ਨੇ ਨਵੀਂ ਦਿੱਲੀ ਸਥਿਤ ਇਰਾਨੀ ਦੂਤਾਵਾਸ ਪਹੁੰਚ ਕੇ ਭਾਰਤ ’ਚ ਈਰਾਨ ਦੇ ਰਾਜਦੂਤ ਡਾ. ਮੁਹੰਮਦ ਫਤਹਾਲੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਅਧਿਆਪਕਾਂ ਵੱਲੋਂ ਇਕੱਤਰ ਕੀਤੀ ਅੱਠ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਇੱਕਜੁੱਟਤਾ ਪੱਤਰ ਸੌਂਪਿਆ। ਈਰਾਨੀ ਦੂਤਾਵਾਸ ਦੇ ਅਫ਼ਸਰਾਂ ਨੇ ਇਸ ਉਪਰਾਲੇ ਲਈ ਭਾਰਤੀ ਲੋਕਾਂ ਅਤੇ ਅਧਿਆਪਕ ਵਰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੌਂਪੇ ਗਏ ਪੱਤਰ ਤੇ ਬੈਨਰ ਨੂੰ ਦੂਤਾਵਾਸ ਦੀ ਪ੍ਰਦਰਸ਼ਨੀ ’ਚ ਲਗਾਉਣ ਦਾ ਭਰੋਸਾ ਦਿੱਤਾ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਸਹਾਇਤਾ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਦੀ 'ਹਾਅ ਦਾ ਨਾਅਰਾ' ਮਾਰਨ ਵਾਲੀ ਸ਼ਾਨਾਮੱਤੀ ਵਿਰਾਸਤ ਨੂੰ ਕਾਇਮ ਰੱਖਣ ਦਾ ਨਿਮਾਣਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਪਰ ਥੋਪੀ ਗਈ ਨਿਹੱਕੀ ਜੰਗ ਦੌਰਾਨ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ, ਜਿਸ ਨੇ ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਇਸ ਤੋਂ ਪਹਿਲਾਂ 8 ਜੂਨ ਨੂੰ ਜਲੰਧਰ ’ਚ ਕਨਵੈਨਸ਼ਨ ਅਤੇ ਰੋਸ ਮਾਰਚ ਕਰਕੇ ਇਸ ਅਮਾਨਵੀ ਕਾਰੇ ਦਾ ਸਖ਼ਤ ਵਿਰੋਧ ਕੀਤਾ ਸੀ।
ਵਫ਼ਦ ’ਚ ਸ਼ਾਮਲ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਰਾਜੀਵ ਕੁਮਾਰ, ਨਿਰਮਲ ਬਰਨਾਲਾ, ਮੁਕੇਸ਼ ਕੁਮਾਰ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਇਰਾਨੀ ਅਫ਼ਸਰਸ਼ਾਹੀ ਨੇ ਭਾਰਤ ਅਤੇ ਇਰਾਨ ਦੀ ਇਤਿਹਾਸਕ ਤੇ ਸੱਭਿਆਚਾਰਕ ਸਾਂਝ ਨੂੰ ਯਾਦ ਕਰਦਿਆਂ ਇਸ ਔਖੀ ਘੜੀ ’ਚ ਮਿਲੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਮਰਾਜੀ ਤਾਕਤਾਂ ਵੱਲੋਂ ਸੱਤਾ ਪਰਿਵਰਤਨ ਦੇ ਉਦੇਸ਼ ਨਾਲ ਥੋਪੀਆਂ ਗਈਆਂ ਜੰਗਾਂ ਕਾਰਨ ਨਾ ਸਿਰਫ਼ ਈਰਾਨ ਤੇ ਫ਼ਲਸਤੀਨ ਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਸਗੋਂ ਵਿਸ਼ਵ ਪੱਧਰ 'ਤੇ ਤੇਲ, ਗੈਸ ਅਤੇ ਜ਼ਰੂਰੀ ਵਸਤਾਂ ਦੀ ਮਹਿੰਗਾਈ ਵਧਣ ਨਾਲ ਆਮ ਲੋਕਾਂ ਦਾ ਰੁਜ਼ਗਾਰ ਤੇ ਜੀਵਨ ਬਸਰ ਵੀ ਪ੍ਰਭਾਵਿਤ ਹੋਇਆ ਹੈ। ਜਥੇਬੰਦੀ ਨੇ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਬਾਹਰੀ ਦਖ਼ਲ-ਅੰਦਾਜ਼ੀ ਦਾ ਵਿਰੋਧ ਕਰਦਿਆਂ ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਵੱਲੋਂ ਜੰਗ ਵਿਰੁੱਧ ਬੁਲੰਦ ਕੀਤੀ ਜਾ ਰਹੀ ਆਵਾਜ਼ ਨਾਲ ਪੂਰਨ ਇੱਕਜੁੱਟਤਾ ਪ੍ਰਗਟਾਈ।