- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਵਿਸ਼ੇਸ਼ ਗਹਿਰੀ ਸੁਧਾਈ (SIR) ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸੌਮਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਦਤਾ ਮਿਤਰਾ ਨੇ ਸਮੂਹ ਵਿਧਾਨ ਸਭਾ ਹਲਕਿਆਂ ਦੀ ਅੰਤਿਮ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ। ਸਾਲ 2024 ’ਚ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਸੂਬੇ ’ਚ ਕਰੀਬ 12 ਲੱਖ ਵੋਟਰ ਘਟ ਗਏ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ’ਚ ਵਿਸ਼ੇਸ਼ ਗਹਿਰੀ ਸੁਧਾਈ (SIR) ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸੌਮਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਦਤਾ ਮਿਤਰਾ ਨੇ ਸਮੂਹ ਵਿਧਾਨ ਸਭਾ ਹਲਕਿਆਂ ਦੀ ਅੰਤਿਮ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ। ਸਾਲ 2024 ’ਚ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਸੂਬੇ ’ਚ ਕਰੀਬ 12 ਲੱਖ ਵੋਟਰ ਘਟ ਗਏ ਹਨ। ਅੰਕੜਿਆਂ ਅਨੁਸਾਰ 14 ਮਈ 2024 ਨੂੰ ਸੂਬੇ ਵਿਚ 2,14,61,739 ਵੋਟਰ ਸਨ, ਜਦਕਿ ਹੁਣ ਚੋਣ ਅਫ਼ਸਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ 2,01,00,727 ਵੋਟਰ ਹਨ, ਜਿਹਨਾਂ ਵਿਚ 1,03,76,026 ਪੁਰਸ਼, 97,24,195 ਔਰਤਾਂ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓਜ਼), ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਦੇ ਦਫ਼ਤਰਾਂ ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਕੋਲ ਉਪਲਬਧ ਹਨ। ਇਸਤੋ ਬਿਨਾਂ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ www.ceopunjab.gov.in ਤੋਂ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ 9 ਜੂਨ 2026 ਤੱਕ ਕੁੱਲ 2,14,61,043 ਰਜਿਸਟਰਡ ਵੋਟਰ ਸਨ, ਜਿਨ੍ਹਾਂ ਵਿਚ 1,11,76,866 ਪੁਰਸ਼, 1,02,83,478 ਮਹਿਲਾ ਅਤੇ 699 ਥਰਡ ਜੈਂਡਰ ਵੋਟਰ ਸ਼ਾਮਲ ਸਨ। ਫਿਰ ਖਰੜਾ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿਚ ਕੁੱਲ 1,93,94,435 ਵੋਟਰ ਸਨ। ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੇ ਸਮੇਂ ਦੌਰਾਨ ਸਰਗਰਮ ਭਾਗੀਦਾਰੀ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਤਰ੍ਹਾਂ ਅੰਤਿਮ ਸੂਚੀ ਵਿਚ ਵੋਟਰਾਂ ਦੀ ਗਿਣਤੀ ਵਧ ਕੇ 2,01,00,727 ਹੋ ਗਈ ਹੈ, ਜੋ ਕਿ 3.64 ਫੀਸਦ ਦਾ ਵਾਧਾ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨਲਾਈਜ਼ੇਸ਼ਨ ਕੀਤਾ ਗਿਆ, ਜਿਸ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧ ਕੇ 25,332 ਹੋ ਗਈ ਹੈ।
ਮਿੱਤਰਾ ਨੇ ਦੱਸਿਆ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚ ਕਰਨ ਲਈ ਹਰ ਸੰਭਵ ਯਤਨ ਕੀਤੇ ਗਏ ਖ਼ਾਸ ਕਰਕੇ ਸੂਬੇ ਵਿਚ ਤਾਇਨਾਤ 89,395 ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਨੇ ਵੋਟਾਂ ਬਣਾਉਣ ਵਿਚ ਅਹਿਮ ਭੂਮਿਕ ਅਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਯੋਗ ਵਿਅਕਤੀ ਕਿਸੇ ਵੀ ਕਾਰਨ ਕਰਕੇ ਅੰਤਿਮ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਵੀ ਸ਼ਾਮਲ ਹੋਣ ਤੋਂ ਰਹਿ ਗਏ ਹਨ ਜਾਂ ਨਵੇਂ ਵੋਟਰ ਵਜੋਂ ਨਾਂ ਦਰਜ ਕਰਵਾਉਣਾ ਚਾਹੁੰਦੇ ਹਨ, ਉਹ ਈ.ਸੀ.ਆਈ.ਨੈਟ ਐਪ ਰਾਹੀਂ ਆਨਲਾਈਨ ਜਾਂ ਆਪਣੇ ਸਬੰਧਤ ਬੀ.ਐਲ.ਓ. ਰਾਹੀਂ ਫਾਰਮ ਨੰਬਰ 6 ਭਰ ਕੇ ਆਫ਼ਲਾਈਨ ਅਪਲਾਈ ਕਰ ਸਕਦੇ ਹਨ।