- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੇ ਚੋਣ ਇੰਚਾਰਜ ਸੀਆਰ ਪਾਟਿਲ ਨੇ ਕਿਹਾ ਕਿ ਆਗਾਮੀ ਚੋਣਾਂ ਦੌਰਾਨ ਭਾਜਪਾ ਪੰਜਾਬ ’ਚ ਜਿੱਤ ਦਰਜ ਕਰੇਗੀ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ ਸਰਕਾਰ ਬਣਾਏਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀ ਗੱਠਜੋੜ ਦੀ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਕੱਲਿਆਂ ਚੋਣ ਲੜਨੀ ਹੈ ਜਾਂ ਕਿਸੇ ਨਾਲ ਗੱਠਜੋੜ ਕਰਨਾ ਹੈ ਇਹ ਫ਼ੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਕਰਨਾ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਬਾਰੇ ਚੱਲ ਰਹੀ ਚਰਚਾ ਦਰਮਿਆਨ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ਲਈ ਭਾਜਪਾ ਦੇ ਚੋਣ ਇੰਚਾਰਜ ਸੀਆਰ ਪਾਟਿਲ ਮੰਗਲਵਾਰ ਨੂੰ ਪੰਜਾਬ ਪੁੱਜੇ। ਉਨ੍ਹਾਂ ਚੰਡੀਗੜ੍ਹ ਤੇ ਮੁਹਾਲੀ ’ਚ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਹਾਲਾਂਕਿ ਉਨ੍ਹਾਂ ਅਕਾਲੀ-ਭਾਜਪਾ ਗਠਜੋੜ ਬਾਰੇ ਪੱਛੇ ਜਾਣ ’ਤੇ ਉਨ੍ਹਾਂ ਸਪਸ਼ਟ ਕਿਹਾ ਕਿ ਇਸ ਬਾਰੇ ਫ਼ੈਸਲਾ ਸਿਖ਼ਰਲੀ ਲੀਡਰਸ਼ਿਪ ਨੇ ਕਰਨਾ ਹੈ।
ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਚੋਣ ਇੰਚਾਰਜ ਸੀਆਰ ਪਾਟਿਲ ਨੇ ਕਿਹਾ ਕਿ ਆਗਾਮੀ ਚੋਣਾਂ ਦੌਰਾਨ ਭਾਜਪਾ ਪੰਜਾਬ ’ਚ ਜਿੱਤ ਦਰਜ ਕਰੇਗੀ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ ਸਰਕਾਰ ਬਣਾਏਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀ ਗੱਠਜੋੜ ਦੀ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਕੱਲਿਆਂ ਚੋਣ ਲੜਨੀ ਹੈ ਜਾਂ ਕਿਸੇ ਨਾਲ ਗੱਠਜੋੜ ਕਰਨਾ ਹੈ ਇਹ ਫ਼ੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਕਰਨਾ ਹੈ। ਇਹ ਮੇਰਾ ਫ਼ੈਸਲਾ ਨਹੀਂ ਹੈ, ਕਿਉਂਕਿ ਮੈਂ ਪਾਰਟੀ ਦਾ ਇਕ ਸਾਧਾਰਨ ਜਿਹਾ ਵਰਕਰ ਹਾਂ। ਹਾਲਾਂਕਿ ਭਾਜਪਾ ਵੱਲੋਂ ਸੂਬੇ ਦੀਆਂ ਸਾਰੀਆਂ 117 ਸੀਟਾਂ ਲਈ ਤਿਆਰੀ ਹੈ। ਹੁਣ ਸਿਖਰਲੀ ਲੀਡਰਸ਼ਿਪ ਵੱਲੋਂ ਜੋ ਹੁਕਮ ਮਿਲੇਗਾ, ਉਸੇ ਮੁਤਾਬਕ ਅੱਗੇ ਵਧਿਆ ਜਾਵੇਗਾ।
ਇਸ ਤੋਂ ਪਹਿਲਾਂ ਪਾਟਿਲ ਦੁਪਹਿਰ ਵੇਲੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ। ਇੱਥੇ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਆਗੂਆਂ ਨਾਲ ਮੀਟਿੰਗ ਹੋਈ। ਮੀਟਿੰਗ ’ਚ ਪਾਟਿਲ ਨੇ ਚੋਣਾਂ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਬੁੱਧਵਾਰ ਤੋਂ ਜਲੰਧਰ ’ਚ ਸ਼ੁਰੂ ਹੋਣ ਵਾਲੀ ਭਾਜਪਾ ਦੀ ਸਮਾਜਿਕ ਸਮਰਸਤਾ ਸੰਕਲਪ ਯਾਤਰਾ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ। ਕਰੀਬ ਅੱਧਾ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਪਾਟਿਲ ਨੇ ਸੂਬਾ ਭਾਜਪਾ ਦੇ ਪ੍ਰਚਾਰ ਤੰਤਰ ਵੱਲੋਂ ਚਲਾਈਆਂ ਜਾ ਰਹੀਆਂ ਸਰਗਰਮੀਆਂ ਦੀ ਜਾਣਕਾਰੀ ਲਈ। ਉਨ੍ਹਾਂ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਸਥਾਨਕ ਪੱਧਰ ’ਤੇ ਹੋ ਰਹੀਆਂ ਸਿਆਸੀ ਗਤੀਵਿਧੀਆਂ ਬਾਰੇ ਆਪਣਾ ਅਤੇ ਪਾਰਟੀ ਦਾ ਨਜ਼ਰੀਆ ਲੋਕਾਂ ਤੱਕ ਪਹੁੰਚਾਉਣ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਗੱਲਬਾਤ ਆਖ਼ਰੀ ਪੜਾਅ ’ਤੇ ਹੈ ਤੇ ਇਸ ’ਚ ਸੀਆਰ ਪਾਟਿਲ ਅਹਿਮ ਭੂਮਿਕਾ ਨਿਭਾ ਰਹੇ ਦੱਸੇ ਜਾ ਰਹੇ ਹਨ। ਭਾਜਪਾ 117 ’ਚੋਂ 47-48 ਸੀਟਾਂ ’ਤੇ ਚੋਣ ਲੜਨ ਦੀ ਮੰਗ ਕਰ ਚੁੱਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ’ਤੇ ਸਹਿਮਤ ਹੋ ਗਿਆ ਹੈ।