- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਚੁੱਪ ਦਾ ਸਭ ਤੋਂ ਵੱਡਾ ਵਿਰੋਧਾਭਾਸ ਕਾਂਗਰਸ ਭਵਨ ਵਿੱਚ ਸੀਨੀਅਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਈ ਕਥਿਤ ਕੁੱਟਮਾਰ ਅਤੇ ਜਾਤੀਸੂਚਕ ਟਿੱਪਣੀਆਂ ਦਾ ਮਾਮਲਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਇਨਸਾਫ਼ ਰੈਲੀ’ ਨੂੰ ਦਿਸ਼ਾਹੀਣ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਹੈ ਅਤੇ ਨਾ ਹੀ ਲੀਡਰਸ਼ਿਪ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ’ਤੇ ਹਮਲੇ ਕਰਨ ਤੋਂ ਇਲਾਵਾ ਸੂਬੇ ਦੇ ਵਿਕਾਸ ਜਾਂ ਭਵਿੱਖ ਬਾਰੇ ਕੋਈ ਠੋਸ ਗੱਲ ਨਹੀਂ ਕੀਤੀ।
ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਚੁੱਪ ਦਾ ਸਭ ਤੋਂ ਵੱਡਾ ਵਿਰੋਧਾਭਾਸ ਕਾਂਗਰਸ ਭਵਨ ਵਿੱਚ ਸੀਨੀਅਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਈ ਕਥਿਤ ਕੁੱਟਮਾਰ ਅਤੇ ਜਾਤੀਸੂਚਕ ਟਿੱਪਣੀਆਂ ਦਾ ਮਾਮਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ’ਤੇ ਤਰਖਾਣ ਮਾਜਰਾ ਨਾਲ ਕੁੱਟਮਾਰ ਅਤੇ ਜਾਤੀਸੂਚਕ ਸ਼ਬਦ ਵਰਤਣ ਦੇ ਦੋਸ਼ ਲੱਗੇ ਸਨ, ਪਰ ਇਨਸਾਫ਼ ਰੈਲੀ ਕਰਨ ਆਏ ਰਾਹੁਲ ਗਾਂਧੀ ਨੇ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ਅਰੋੜਾ ਨੇ ਕਿਹਾ ਕਿ ਇਹ ਚੁੱਪ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਆਪਣੇ ਮੁੱਖ ਦਫ਼ਤਰ ਵਿੱਚ ਹੀ ਸੀਨੀਅਰ ਦਲਿਤ ਆਗੂ ਨਾਲ ਅਜਿਹਾ ਸਲੂਕ ਹੁੰਦਾ ਹੈ ਤਾਂ ਪਾਰਟੀ ਦੀ ਦਲਿਤ ਸਨਮਾਨ ਪ੍ਰਤੀ ਵਚਨਬੱਧਤਾ ’ਤੇ ਸਵਾਲ ਉੱਠਦੇ ਹਨ। ਅਰੋੜਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਲੀਡਰਸ਼ਿਪ ਤੋਂ ਵੀ ਇਸ ਮਾਮਲੇ ’ਤੇ ਜਵਾਬ ਮੰਗਿਆ।
‘ਆਪ’ ਨੇ ਕਿਹਾ ਕਿ ਕਾਂਗਰਸ ਦੀਆਂ ਲਗਾਤਾਰ ਚੋਣ ਹਾਰਾਂ ਅਤੇ ਲੋਕਾਂ ਸਾਹਮਣੇ ਭਰੋਸੇਯੋਗ ਬਦਲ ਜਾਂ ਵਿਕਾਸ ਏਜੰਡਾ ਪੇਸ਼ ਨਾ ਕਰ ਸਕਣਾ ਉਸ ਦੇ ਸਿਆਸੀ ਪਤਨ ਨੂੰ ਦਰਸਾਉਂਦਾ ਹੈ। ਅਰੋੜਾ ਨੇ ਸਵਾਲ ਕੀਤਾ ਕਿ ਸਿਰਫ਼ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਨੂੰ ਗਾਲ੍ਹਾਂ ਕੱਢਣ ਨਾਲ ਪੰਜਾਬ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਤੋਂ ਵਿਕਾਸ ਦਾ ਏਜੰਡਾ, ਸੂਬੇ ਦੇ ਭਵਿੱਖ ਲਈ ਯੋਜਨਾ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਦੀ ਉਮੀਦ ਕਰਦੇ ਹਨ, ਪਰ ਕਾਂਗਰਸ ਦੀ ਰੈਲੀ ਇਨ੍ਹਾਂ ਉਮੀਦਾਂ ’ਤੇ ਖਰੀ ਨਹੀਂ ਉਤਰੀ।