15 ਸਤੰਬਰ ਤੋਂ ਬਾਅਦ ਬਦਲਣਗੇ ਪੰਜਾਬ ਦੇ ਸਿਆਸੀ ਸਮੀਕਰਨ, ਗਠਜੋੜ ਨੂੰ ਲੈ ਕੇ ਤੇਜ਼ ਹੋਵੇਗੀ ਹਲਚਲ
ਭਾਜਪਾ 15 ਸਤੰਬਰ ਤੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਰੈਲੀਆਂ ਨੂੰ ਪਾਰਟੀ ਦੀ ਚੋਣ ਤਿਆਰੀ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰੈਲੀਆਂ ਵਿੱਚ ਮਿਲਣ ਵਾਲਾ ਜਨ-ਸਮਰਥਨ ਭਾਜਪਾ ਲਈ ਪੰਜਾਬ ਦੀ ਸਿਆਸੀ ਜ਼ਮੀਨ ਦਾ ਸੰਕੇਤਕ ਹੋਵੇਗਾ। ਪਾਰਟੀ ਇਹ ਪਰਖਣਾ ਚਾਹੇਗੀ ਕਿ ਨਸ਼ੇ ਦੇ ਮੁੱਦੇ ’ਤੇ ਉਸ ਦੀ ਮੁਹਿੰਮ ਜਨਤਾ ਵਿੱਚ ਕਿੰਨਾ ਅਸਰ ਪੈਦਾ ਕਰ ਰਹੀ ਹੈ ਅਤੇ ਸੰਗਠਨ ਚੋਣ ਮਾਹੌਲ ਬਣਾਉਣ ਵਿੱਚ ਕਿੰਨਾ ਸਮਰੱਥ ਹੈ।
Publish Date: Sun, 30 Aug 2026 01:16 PM (IST)
Updated Date: Sun, 30 Aug 2026 01:18 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਲੇ ਕਰੀਬ ਛੇ ਮਹੀਨੇ ਦਾ ਸਮਾਂ ਬਾਕੀ ਹੈ ਪਰ ਸਿਆਸੀ ਪਾਰਟੀਆਂ ਨੇ ਚੋਣ ਰਣਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਨਹੀਂ ਹੋਵੇਗਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ, ਸਗੋਂ ਇਹ ਹੋਵੇਗਾ ਕਿ ਕੌਣ ਕਿਸ ਦੇ ਨਾਲ ਖੜ੍ਹਾ ਹੋਵੇਗਾ।
15 ਸਤੰਬਰ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਗਠਜੋੜ ਅਤੇ ਦਲ-ਬਦਲੀ ਨੂੰ ਲੈ ਕੇ ਤਸਵੀਰ ਤੇਜ਼ੀ ਨਾਲ ਸਾਫ਼ ਹੋਣ ਦੀ ਉਮੀਦ ਹੈ। ਖ਼ਾਸ ਤੌਰ ’ਤੇ ਭਾਜਪਾ ਦੀ ਰਣਨੀਤੀ ’ਤੇ ਸਾਰਿਆਂ ਦੀ ਨਜ਼ਰ ਰਹੇਗੀ, ਕਿਉਂਕਿ ਪਾਰਟੀ ਨੂੰ ਆਪਣੇ ਸੰਭਾਵੀ ਚੋਣ ਸਾਥੀ ਨੂੰ ਲੈ ਕੇ ਅਹਿਮ ਫ਼ੈਸਲਾ ਕਰਨਾ ਹੈ।
ਭਾਜਪਾ 15 ਸਤੰਬਰ ਤੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਰੈਲੀਆਂ ਨੂੰ ਪਾਰਟੀ ਦੀ ਚੋਣ ਤਿਆਰੀ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰੈਲੀਆਂ ਵਿੱਚ ਮਿਲਣ ਵਾਲਾ ਜਨ-ਸਮਰਥਨ ਭਾਜਪਾ ਲਈ ਪੰਜਾਬ ਦੀ ਸਿਆਸੀ ਜ਼ਮੀਨ ਦਾ ਸੰਕੇਤਕ ਹੋਵੇਗਾ। ਪਾਰਟੀ ਇਹ ਪਰਖਣਾ ਚਾਹੇਗੀ ਕਿ ਨਸ਼ੇ ਦੇ ਮੁੱਦੇ ’ਤੇ ਉਸ ਦੀ ਮੁਹਿੰਮ ਜਨਤਾ ਵਿੱਚ ਕਿੰਨਾ ਅਸਰ ਪੈਦਾ ਕਰ ਰਹੀ ਹੈ ਅਤੇ ਸੰਗਠਨ ਚੋਣ ਮਾਹੌਲ ਬਣਾਉਣ ਵਿੱਚ ਕਿੰਨਾ ਸਮਰੱਥ ਹੈ।
ਇਸੇ ਦੌਰਾਨ ਭਾਜਪਾ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ 31 ਅਗਸਤ ਤੋਂ ਦੋ ਦਿਨਾਂ ਪੰਜਾਬ ਦੌਰੇ ’ਤੇ ਪਹੁੰਚ ਰਹੇ ਹਨ। ਦੌਰੇ ਦੌਰਾਨ ਪ੍ਰਦੇਸ਼ ਲੀਡਰਸ਼ਿਪ ਦੇ ਨਾਲ-ਨਾਲ ਸੰਗਠਨ ਦੇ ਵੱਖ-ਵੱਖ ਪੱਧਰਾਂ ’ਤੇ ਮੀਟਿੰਗਾਂ ਹੋਣਗੀਆਂ। ਇਨ੍ਹਾਂ ਮੀਟਿੰਗਾਂ ਵਿੱਚ ਚੋਣ ਤਿਆਰੀਆਂ, ਸੰਗਠਨ ਦੀ ਸਥਿਤੀ ਅਤੇ ਆਉਣ ਵਾਲੀ ਰਣਨੀਤੀ ’ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਸੰਭਾਵੀ ਗਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਦੇ ਆਗੂਆਂ ਤੋਂ ਫੀਡਬੈਕ ਲਏ ਜਾਣ ਦੀ ਸੰਭਾਵਨਾ ਹੈ।
ਭਾਜਪਾ ਦੇ ਸਾਹਮਣੇ ਅਕਾਲੀ ਦਲ ਨੂੰ ਲੈ ਕੇ ਸਭ ਤੋਂ ਵੱਡਾ ਪੇਚ
ਭਾਜਪਾ ਲਈ ਸਭ ਤੋਂ ਅਹਿਮ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੈ। ਪਾਰਟੀ ਸਾਹਮਣੇ ਦੋ ਰਸਤੇ ਦਿਖਾਈ ਦੇ ਰਹੇ ਹਨ। ਪਹਿਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਦੁਬਾਰਾ ਤਾਲਮੇਲ ਦਾ ਰਸਤਾ ਅਤੇ ਦੂਜਾ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਨਵਾਂ ਰਾਜਸੀ ਸਮੀਕਰਨ।
ਦੋਵਾਂ ਬਦਲਾਂ ਦੇ ਆਪਣੇ ਵੱਖ-ਵੱਖ ਸਿਆਸੀ ਮਾਇਨੇ ਹਨ। ਜੇਕਰ ਭਾਜਪਾ ਕਿਸੇ ਇੱਕ ਅਕਾਲੀ ਧੜੇ ਨਾਲ ਗਠਜੋੜ ਕਰਦੀ ਹੈ ਤਾਂ ਕਈ ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦਾ ਗਣਿਤ ਬਦਲ ਸਕਦਾ ਹੈ। ਇਸ ਸੰਭਾਵੀ ਗਠਜੋੜ ਵਿੱਚ ਬਸਪਾ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਸਕਦੀ ਹੈ।
ਅਜਿਹੇ ਵਿੱਚ ਭਾਜਪਾ ਲਈ ਗਠਜੋੜ ਦਾ ਫ਼ੈਸਲਾ ਸਿਰਫ਼ ਸੀਟਾਂ ਦੀ ਵੰਡ ਨਹੀਂ, ਸਗੋਂ ਸਮਾਜਿਕ ਅਤੇ ਖੇਤਰੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣ ਵਾਲਾ ਫ਼ੈਸਲਾ ਹੋਵੇਗਾ।
ਕਾਂਗਰਸ ਅਤੇ 'ਆਪ' ਵੱਖ ਹੋਏ ਤਾਂ ਵਧੇਗਾ ਰੋਮਾਂਚ
ਉੱਥੇ ਹੀ ਕਾਂਗਰਸ ਅਤੇ 'ਆਪ' ਦੇ ਵੱਖੋ-ਵੱਖਰੇ ਚੋਣ ਲੜਨ ਦੀ ਸਥਿਤੀ ਵਿੱਚ ਪੰਜਾਬ ਦਾ ਚੋਣ ਮੁਕਾਬਲਾ ਹੋਰ ਦਿਲਚਸਪ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਜੇਕਰ ਵੱਖ ਮੈਦਾਨ ਵਿੱਚ ਰਹਿੰਦਾ ਹੈ ਤਾਂ ਕਈ ਸੀਟਾਂ ’ਤੇ ਤਿਕੋਣੇ ਅਤੇ ਬਹੁਕੋਣੇ ਮੁਕਾਬਲੇ ਬਣ ਸਕਦੇ ਹਨ। ਅਜਿਹੇ ਵਿੱਚ ਕੁਝ ਸੀਟਾਂ ’ਤੇ ਕੁਝ ਹਜ਼ਾਰ ਵੋਟਾਂ ਦਾ ਅੰਤਰ ਵੀ ਨਤੀਜਾ ਬਦਲ ਸਕਦਾ ਹੈ।
ਚੋਣਾਂ ਤੋਂ ਪਹਿਲਾਂ ਦਲ-ਬਦਲੀ ਵੀ ਸਿਆਸੀ ਤਸਵੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵੱਖ-ਵੱਖ ਪਾਰਟੀਆਂ ਦੇ ਅਸਤੁੰਸ਼ਟ ਆਗੂ ਆਪਣਾ ਰਾਜਸੀ ਭਵਿੱਖ ਦੇਖਦੇ ਹੋਏ ਪਾਸਾ ਬਦਲ ਸਕਦੇ ਹਨ। ਅਜਿਹੇ ਆਗੂਆਂ ’ਤੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੀ ਨਜ਼ਰ ਰਹੇਗੀ।
ਇਸ ਲਈ 15 ਸਤੰਬਰ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਰੈਲੀਆਂ ਨਾਲੋਂ ਜ਼ਿਆਦਾ ਨਜ਼ਰ ਗਠਜੋੜ ਦੀ ਚਾਲ ਅਤੇ ਨੇਤਾਵਾਂ ਦੀ ਸਿਆਸੀ ਪਾਰੀ ਬਦਲਣ ’ਤੇ ਰਹੇਗੀ। ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲਣ ਵਾਲਾ ਜਨ-ਸਮਰਥਨ, ਡਾ. ਸਤੀਸ਼ ਪੂਨੀਆ ਦੀਆਂ ਮੀਟਿੰਗਾਂ ਤੋਂ ਮਿਲਣ ਵਾਲਾ ਫੀਡਬੈਕ ਅਤੇ ਅਕਾਲੀ ਦਲ ਨੂੰ ਲੈ ਕੇ ਪਾਰਟੀ ਦਾ ਫ਼ੈਸਲਾ ਆਉਣ ਵਾਲੇ ਚੋਣ ਰਣ ਦੀ ਦਿਸ਼ਾ ਤੈਅ ਕਰ ਸਕਦਾ ਹੈ।
ਫਿਲਹਾਲ ਪੰਜਾਬ ਦੀ ਸਿਆਸਤ ਵਿੱਚ ਤਸਵੀਰ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਪਰ ਇੰਨਾ ਤੈਅ ਹੈ ਕਿ ਅਗਲੇ ਕੁਝ ਮਹੀਨੇ ਗਠਜੋੜ, ਦਲ-ਬਦਲੀ ਅਤੇ ਵੋਟਾਂ ਦੀ ਵੰਡ ਦੇ ਲਿਹਾਜ਼ ਨਾਲ ਬੇਹੱਦ ਅਹਿਮ ਰਹਿਣ ਵਾਲੇ ਹਨ।