- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ਵਿਖੇ 200 ਫੁੱਟ ਚੌੜੀ ਐਚਆਰ-2 ਮੁੱਖ ਸੜਕ ਅਤੇ ਇੱਕ ਪਾਰਕ ਨੂੰ ਅਨੰਤਨਾਗ ਵਿੱਚ ਦੇਸ਼ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ) ਦੀ ਯਾਦ ਨੂੰ ਸਮਰਪਿਤ ਕੀਤਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਨਿਊ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ਵਿਖੇ 200 ਫੁੱਟ ਚੌੜੀ ਐਚਆਰ-2 ਮੁੱਖ ਸੜਕ ਅਤੇ ਇੱਕ ਪਾਰਕ ਨੂੰ ਅਨੰਤਨਾਗ ਵਿੱਚ ਦੇਸ਼ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ) ਦੀ ਯਾਦ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸ਼ਹੀਦ ਸਾਡਾ ਮਾਣ ਅਤੇ ਵਿਰਸਾ ਹਨ, ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਸਰਕਾਰ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ।
ਸੜਕ ਦਾ ਨਵਾਂ ਨਾਂ: ਮੁੱਲਾਂਪੁਰ ਚੌਕ ਤੋਂ ਟੀ-ਪੁਆਇੰਟ ਤੱਕ ਦੀ 200 ਫੁੱਟ ਚੌੜੀ ਸੜਕ ਦਾ ਨਾਂ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਹੋਵੇਗਾ।
ਪਾਰਕ ਦਾ ਸਮਰਪਣ:
ਸੈਕਟਰ 5-ਏ ਬਲਾਕ ਦੇ ਪਾਰਕ ਦਾ ਨਾਂ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ’ ਰੱਖਿਆ ਗਿਆ ਹੈ।
ਵਿੱਤੀ ਸਹਾਇਤਾ:
ਪੰਜਾਬ ਸਰਕਾਰ ਵੱਲੋਂ ਹਥਿਆਰਬੰਦ ਬਲਾਂ, ਪੈਰਾ-ਮਿਲਟਰੀ, ਪੁਲਿਸ ਅਤੇ ਅਗਨੀਵੀਰਾਂ ਦੇ ਸ਼ਹੀਦ ਹੋਣ 'ਤੇ ਪਰਿਵਾਰਾਂ ਨੂੰ 1 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਅਗਨੀਵੀਰਾਂ ਲਈ ਰਾਹਤ:
ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ ਨੂੰ ਪੰਜਾਬ ਪੁਲਿਸ, ਬੈਂਕਾਂ ਅਤੇ ਵਣ ਵਿਭਾਗ ਵਿੱਚ ਐਡਜਸਟ/ਅਕਾਮੋਡੇਟ ਕੀਤਾ ਜਾਵੇਗਾ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਜੀਵਨ ਤੇ ਸ਼ਹਾਦਤ:
ਸ਼ਹਾਦਤ: ਕਰਨਲ ਮਨਪ੍ਰੀਤ ਸਿੰਘ 13 ਸਤੰਬਰ 2023 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਵਜੋਂ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸਨ।
ਸਨਮਾਨ: ਉਨ੍ਹਾਂ ਦੀ ਅਦੁੱਤੀ ਬਹਾਦਰੀ ਲਈ ਭਾਰਤ ਸਰਕਾਰ ਵੱਲੋਂ 15 ਅਗਸਤ 2024 ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਾਂਤੀ ਸਮੇਂ ਦੇ ਗੈਲੈਂਟਰੀ ਐਵਾਰਡ ‘ਕੀਰਤੀ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ।
ਪਿਛੋਕੜ: 1982 ਵਿੱਚ ਪਿੰਡ ਭੜੋਜੀਆਂ ਵਿੱਚ ਜਨਮੇ ਕਰਨਲ ਮਨਪ੍ਰੀਤ ਸਿੰਘ ਨੇ ਆਪਣੀ ਸ਼ੁਰੂਆਤੀ ਸਿੱਖਿਆ ਮੋਹਾਲੀ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਉਹ 2005 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਭਰਤੀ ਹੋਏ ਸਨ।
ਸਿੱਖਿਆ ਖੇਤਰ 'ਤੇ ਮੁੱਖ ਮੰਤਰੀ ਦਾ ਬਿਆਨ:
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ JEE ਅਤੇ NEET ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਪਤਨੀ ਜਗਮੀਤ ਗਰੇਵਾਲ, ਮਾਤਾ ਮਨਜੀਤ ਕੌਰ, ਬੇਟਾ ਕਬੀਰ ਸਿੰਘ, ਬੇਟੀ ਬਾਣੀ ਕੌਰ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਤੇ ਖਰੜ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵੀ ਮੌਜੂਦ ਸਨ।