- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸ.ਆਈ.ਆਰ ਦੌਰਾਨ ਲਗਭਗ 12.95 ਲੱਖ ਵੋਟਰਾਂ ਦੀ ਪਛਾਣ ਕੀਤੀ ਗਈ ਹੈ ਜਿਹਨਾਂ ਨੂੰ ਡਰਾਫਟਿੰਗ ਵੋਟਰ ਸੂਚੀ ਬਾਅਦ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੀ ਮੈਪਿੰਗ ਕੀਤੀ ਜਾ ਸਕੇ। ਸੂਬੇ ਵਿਚ ਪਹਿਲਾਂ 24453 ਪੋਲਿੰਗ ਬੂਥ ਸਨ, ਜੋ ਹੁਣ ਵੱਧਕੇ 25332 ਪੋਲਿੰਗ ਬੂਥ ਹੋ ਜਾਣਗੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦਾ ਕੰਮ ਸੌ ਫ਼ੀਸਦੀ ਪੂਰਾ ਕਰ ਲਿਆ ਹੈ। ਲੁਧਿਆਣਾ, ਮੋਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਧਾਨ ਸਭਾ ਹਲਕਿਆਂ ਵਿਚ ਪੰਦਰਾਂ ਫ਼ੀਸਦੀ ਤੱਕ ਮ੍ਰਿਤਕਾਂ, ਡਬਲ ਵੋਟ, ਸਥਾਨ ਬਦਲ ਚੁੱਕੇ ਵੋਟਰਾਂ ਦੀ ਪਹਿਚਾਣ ਕੀਤੀ ਗਈ ਹੈ, ਜਦੋ ਕਿ ਸੂਬੇ ਦੇ ਬਾਕੀ ਵਿਧਾਨ ਸਭਾ ਹਲਕਿਆਂ ਵਿਚ ਇਹ ਅੰਕੜਾ 9.65 ਫ਼ੀਸਦੀ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ਵਿਚ 879 ਨਵੇ ਪੋਲਿੰਗ ਬੂਥ ਬਣਾਏ ਜਾਣਗੇ। ਇਹੀ ਨਹੀ 25 ਫ਼ੀਸਦੀ ਦੇ ਕਰੀਬ ਪੋਲਿੰਗ ਬੂਥ ਹਟਾਏ ਵੀ ਗਏ ਹਨ। ਸੂਬੇ ਵਿਚ 2,14,61,043 ਵੋਟਰ ਹਨ, ਜਿਹਨਾਂ ਦੀ ਮੈਪਿੰਗ ਕਰਨ ਲਈ ਬੀ.ਐੱਲ.ਓ ਨੇ ਘਰ ਘਰ ਜਾ ਕੇ ਤਸਦੀਕ ਕੀਤੀ ਹੈ।
ਬੰਗਾਲ ਵਿਚ ਐੱਸ.ਆਈ.ਆਰ ਹੋਣ ਬਾਅਦ ਸੂਬੇ ਦੇ ਲੋਕਾਂ ਵਿਚ ਵੱਡੇ ਪੱਧਰ ’ਤੇ ਵੋਟਾਂ ਕੱਟੇ ਜਾਣ ਦਾ ਖ਼ਦਸਾ ਹੋ ਗਿਆ ਸੀ, ਲੋਕ ਮਨਾਂ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਸੂਬੇ ਵਿਚ ਵੀ ਵੱਡੇ ਪੱਧਰ ’ਤੇ ਮੈਪਿੰਗ ਨਾ ਹੋਣ ’ਤੇ ਵੋਟਾਂ ਕੱਟੀਆਂ ਜਾ ਸਕਦੀਆਂ ਹਨ। ਪਰ ਜੇਕਰ ਗੁਆਂਢੀ ਸੂਬਿਆਂ ਦੀ ਐੱਸ.ਆਰ.ਆਈ ’ਤੇ ਨਜ਼ਰ ਮਾਰੀ ਜਾਵੇ ਤਾਂ ਉਤਰ ਪ੍ਰਦੇਸ਼ ਨੇ 18.72 ਫ਼ੀਸਦੀ, ਤਾਮਿਲਨਾਡੂ ਨੇ 15.46 ਫ਼ੀਸਦੀ, ਉਤਰਾਖੰਡ ਨੇ 10.80 ਪ੍ਰਤੀਸ਼ਤ, ਹਰਿਆਣਾ 16.50 ਫ਼ੀਸਦੀ, ਚੰਡੀਗੜ੍ਹ 12.7 ਫ਼ੀਸਦੀ , ਗੁਜਰਾਤ 14.57 ਫ਼ੀਸਦੀ ਵੋਟਾਂ ਕੱਟੀਆਂ ਗਈਆਂ ਹਨ, ਜਦਕਿ ਪੰਜਾਬ ’ਚ ਇਹ ਅੰਕੜਾ 9.65 ਫ਼ੀਸਦੀ ਰਿਹਾ ਹੈ। ਚੋਣ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੇ 117 ਵਿਧਾਨ ਸਭਾ ਹਲਕਿਆਂ ਵਿਚ ਗਿਣਤੀ ਪ੍ਰੋਫਾਰਮਿਆਂ ਦਾ 100 ਫੀਸਦੀ ਡਿਜੀਟਲੀਕਰਨ ਦਾ ਕੰਮ ਮੁਕੰਮਲ ਕੀਤਾ ਹੈ।
ਐੱਸ.ਆਈ.ਆਰ ਦੌਰਾਨ ਲਗਭਗ 12.95 ਲੱਖ ਵੋਟਰਾਂ ਦੀ ਪਛਾਣ ਕੀਤੀ ਗਈ ਹੈ ਜਿਹਨਾਂ ਨੂੰ ਡਰਾਫਟਿੰਗ ਵੋਟਰ ਸੂਚੀ ਬਾਅਦ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੀ ਮੈਪਿੰਗ ਕੀਤੀ ਜਾ ਸਕੇ। ਸੂਬੇ ਵਿਚ ਪਹਿਲਾਂ 24453 ਪੋਲਿੰਗ ਬੂਥ ਸਨ, ਜੋ ਹੁਣ ਵੱਧਕੇ 25332 ਪੋਲਿੰਗ ਬੂਥ ਹੋ ਜਾਣਗੇ।
ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਮਾਲੇਰਕੋਟਲਾ ਵਿੱਚ 5.77 ਫੀਸਦੀ, ਮਾਨਸਾ ਵਿਚ 3.70 ਫੀਸਦੀ, ਸੰਗਰੂਰ ਵਿਚ 5.84 ਫ਼ੀਸਦੀ ਵੋਟਰ ਡੀਲੀਟ ਕੀਤੇ ਗਏ ਹਨ। ਇਹਨਾਂ ਵਿਚ ਕਈਆਂ ਦੀ ਮੌਤ ਹੋ ਗਈ, ਕਈਆਂ ਨੇ ਟਿਕਾਣਾ ਬਦਲ ਲਿਆ, ਜਾਂ ਦੋਹਰੀ ਵੋਟ ਸੀ।
ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਐੱਸ.ਆਈ.ਆਰ ਤਹਿਤ ਮੈਪਿੰਗ ਦਾ ਵੋਟ ਕੱਟਣ ਨਾਲ ਕੋਈ ਸਬੰਧ ਨਹੀਂ ਹੈ, ਨਾ ਹੀ ਐੱਸ.ਆਈ.ਆਰ ਦਾ ਯੋਗ ਵੋਟਰ ਦੀ ਵੋਟ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨਾ ਹੈ, ਸਗੋਂ ਵੋਟਰ ਸੂਚੀ ਨੂੰ ਹੋਰ ਸਹੀ ਅਤੇ ਭਰੋਸੇਯੋਗ ਬਣਾਉਣਾ ਹੈ। ਇਸ ਪ੍ਰਕਿਰਿਆ ਤਹਿਤ ਤਬਦੀਲ ਹੋਏ ਵੋਟਰਾਂ ਦੇ ਰਿਕਾਰਡ ਅਪਡੇਟ ਕੀਤੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਰੇਲ ਕੋਚ ਫੈਕਟਰੀ, ਥਰਮਲ ਪਲਾਂਟ ਅਤੇ ਐੱਨ.ਐੱਫ.ਐਲ ਸਮੇਤ ਕਈ ਅਜਿਹੇ ਹੋਰ ਅਦਾਰੇ ਹਨ, ਜਿੱਥੇ ਵੋਟਰਾਂ ਦੇ ਸ਼ਿਫਟ ਹੋ ਜਾਣ ਕਾਰਨ ਜਾਂ ਵੋਟਰ ਘੱਟ ਹੋਣ ਕਰਕੇ ਪੋਲਿੰਗ ਬੂਥ ਬੰਦ ਕੀਤੇ ਗਏ ਹਨ।