- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਦਾਅਵੇ ਫੇਲ੍ਹ : ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼ 8-ਬੀ ਦੀਆਂ ਸੜਕਾਂ ਬਣੀਆਂ ਨਰਕ,

-ਪ੍ਰਸ਼ਾਸਨਿਕ ਅਣਗਹਿਲੀ ਕਾਰਨ ਰਾਹਗੀਰਾਂ ਨੂੰ ਦੇ ਰਿਹੈ ਹਾਦਸਿਆਂ ਨੂੰ ਸੱਦਾ
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਵੱਲੋਂ ਮੁਹਾਲੀ ਨੂੰ ਇਕ ਕੌਮਾਂਤਰੀ ਪੱਧਰ ਦਾ ਆਈਟੀ ਹੱਬ ਤੇ ਸਨਅਤੀ ਕੇਂਦਰ ਵਜੋਂ ਵਿਕਸਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਕਾਗ਼ਜ਼ਾਂ ’ਚ ਸ਼ਹਿਰ ਦੇ ਵਿਕਾਸ ਦੀ ਚਮਕਦਾਰ ਤਸਵੀਰ ਪੇਸ਼ ਕੀਤੀ ਜਾਂਦੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਚੰਡੀਗੜ੍ਹ ਦੀ ਤਰਜ਼ ’ਤੇ ਸੈਕਟਰਾਂ ਦਾ ਰੂਪ ਦਿੱਤੇ ਮੁਹਾਲੀ ਦੇ ਸਭ ਤੋਂ ਪ੍ਰਮੁੱਖ ਸਨਅਤੀ ਖੇਤਰ, ਇੰਡਸਟਰੀ ਏਰੀਆ ਫੇਜ਼ 8-ਬੀ ਦੀਆਂ ਸੜਕਾਂ ਅੱਜ-ਕੱਲ੍ਹ ਕਿਸੇ ਪੱਛੜੇ ਪਿੰਡ ਦੇ ਕੱਚੇ ਰਸਤਿਆਂ ਨਾਲੋਂ ਵੀ ਬਦਤਰ ਹੋ ਚੁੱਕੀਆਂ ਹਨ। ਮੌਨਸੂਨ ਦੀ ਸ਼ੁਰੂਆਤ ਹੁੰਦਿਆਂ ਹੀ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
-ਆਈਟੀ ਹੱਬ ਦੇ ਦਾਅਵਿਆਂ ਦਾ ਨਿਕਲਿਆ ਜਨਾਜ਼ਾ :
ਹਰ ਰੋਜ਼ ਚੰਡੀਗੜ੍ਹ ਤੇ ਹੋਰਨਾਂ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਆਈਟੀ ਪੇਸ਼ੇਵਰ ਅਤੇ ਕਾਮੇ ਫੇਜ਼ 8-ਬੀ ਵਿਚ ਆਉਂਦੇ ਹਨ ਪਰ ਇੱਥੋਂ ਦੀਆਂ ਸੜਕਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਪੈਦਲ ਲੰਘਣਾ ਵੀ ਇਕ ਵੱਡੀ ਚੁਣੌਤੀ ਬਣ ਗਿਆ ਹੈ। ਬੇਸ਼ੱਕ ਪੰਜਾਬ ਸਰਕਾਰ ਮੁਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਥੋਂ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ, ਜਿਸ ਕਾਰਨ ਸੜਕਾਂ ਦੇ ਹਾਲਤ ਕਿਸੇ ਪਿੰਡ ਦੀਆਂ ਸੜਕਾਂ ਤੋਂ ਵੀ ਜ਼ਿਆਦਾ ਮਾੜੇ ਹਨ, ਜਿਥੋਂ ਬਾਰਿਸ਼ ਦੇ ਦਿਨਾਂ ’ਚ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਸੜਕਾਂ ਦੀ ਹਾਲਤ ਜਲਦ ਸੁਧਾਰੀ ਜਾਵੇ ਜੋ ਲੋਕਾਂ ਨੂੰ ਬਾਰਿਸ਼ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। -ਸੇਲ ਮੈਨੇਜਰ ਸ਼ਿਵ।
ਬਾਰਿਸ਼ ਦੇ ਦਿਨਾਂ ਵਿਚ ਸੜਕਾਂ 'ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸੜਕ ਪਾਰ ਕਰਨਾ ਕਿਸੇ ਖ਼ਤਰਨਾਕ ਮਿਸ਼ਨ ਤੋਂ ਘੱਟ ਨਹੀਂ ਜਾਪਦਾ। ਇਸ ਉਦਯੋਗਿਕ ਖੇਤਰ ਵਿਚ ਲਗਾਤਾਰ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਪਰ ਸੜਕਾਂ ਦੀ ਮਾੜੀ ਹਾਲਤ ਕਾਰਨ ਹਰ ਵੇਲੇ ਹਾਦਸੇ ਦਾ ਡਰ ਸਤਾਉਂਦਾ ਰਹਿੰਦਾ ਹੈ। ਮੌਨਸੂਨ ਦੇ ਮੱਦੇਨਜ਼ਰ ਜੇਕਰ ਭਾਰੀ ਬਰਸਾਤ ਹੁੰਦੀ ਹੈ, ਤਾਂ ਸੜਕਾਂ ਦੇ ਇਹ ਡੂੰਘੇ ਟੋਏ ਜਾਨਲੇਵਾ ਸਾਬਤ ਹੋ ਸਕਦੇ ਹਨ। ਪ੍ਰਸ਼ਾਸਨ ਤੋਂ ਮੰਗ ਹੈ ਕਿ ਸਮਾਂ ਰਹਿੰਦੇ ਅਜਿਹੀਆਂ ਸੜਕਾਂ ਦੀ ਪਛਾਣ ਕਰਕੇ ਤੁਰੰਤ ਮੁਰੰਮਤ ਦੇ ਹੁਕਮ ਜਾਰੀ ਕੀਤੇ ਜਾਣ। -ਬੈਂਕ ਕਰਮਚਾਰੀ ਭੁਪਿੰਦਰ ਸਿੰਘ।
-ਵੱਡੀ ਗਿਣਤੀ ’ਚ ਸਨਅਤਕਾਰ ਹੋ ਰਹੇ ਪਰੇਸ਼ਾਨ
ਇਹ ਸੜਕ ਏਅਰਪੋਰਟ ਰੋਡ ਵਰਗੇ ਅਹਿਮ ਮਾਰਗ ਨੂੰ ਜੋੜਦੀ ਹੈ, ਜਿਸ ਕਾਰਨ ਇੱਥੇ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਮੈਂ ਕਈ ਸਾਲਾਂ ਤੋਂ ਇੱਥੇ ਸਾਮਾਨ ਲੋਡ-ਅਨਲੋਡ ਕਰਨ ਲਈ ਆਉਂਦਾ ਹਾਂ, ਪਰ ਸੜਕਾਂ 'ਤੇ ਪਏ ਵੱਡੇ-ਵੱਡੇ ਟੋਇਆਂ ਵਿਚ ਬਰਸਾਤੀ ਪਾਣੀ ਭਰ ਜਾਣ ਕਾਰਨ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਕਾਰਨ ਭਾਰੀ ਮਾਲ ਨਾਲ ਲੱਦੀਆਂ ਗੱਡੀਆਂ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਗੱਡੀਆਂ ਦੇ ਟਾਇਰ ਫਸਣ ਕਾਰਨ ਡਿਲੀਵਰੀ ਵਿਚ ਘੰਟਿਆਂ ਦੀ ਦੇਰੀ ਹੁੰਦੀ ਹੈ। -ਸੋਢੀ, ਗੱਡੀ ਦਾ ਮਾਲਕ।
-ਮਿੱਟੀ ਦੇ ਢੇਰ ਤੇ ਦਲਦਲ ਕਾਰਨ ਹਾਲਤ ਖ਼ਸਤਾ
ਇੰਡਸਟਰੀ ਏਰੀਆ ਫੇਜ਼ 8-ਬੀ ਦੀ ਇਕ ਸੜਕ ਦੀ ਹਾਲਤ ਬਹੁਤ ਖ਼ਸਤਾ ਹੈ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਐੱਸਏਐੱਸ ਨਗਰ ਦੇ ਬੈਰੀਕੇਡ ਲਗਾਏ ਹੋਏ ਹਨ ਪਰ ਜੇਕਰ ਤੇਜ਼ ਬਾਰਿਸ਼ ਹੋ ਜਾਂਦੀ ਹੈ ਤਾਂ ਅਜਿਹੇ ਵਿਚ ਸੜਕ ’ਤੇ ਦਲਦਲ ਵਰਗੇ ਹਾਲਾਤ ਬਣ ਸਕਦੇ ਹਨ, ਕਿਉਂਕਿ ਇਸ ਸੜਕ ’ਤੇ ਮਿੱਟੀ ਪਾ ਕੇ ਕੰਮ ਅਧ-ਵਿਚਕਾਰ ਹੀ ਛੱਡਿਆ ਹੋਇਆ ਹੈ। ਸਥਾਨਕ ਲੋਕਾਂ ਅਤੇ ਸਨਅਤਕਾਰਾਂ ਨੇ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕੀਤੇ ਬਿਨਾਂ, ਭਾਰੀ ਬਾਰਿਸ਼ਾਂ ਤੋਂ ਪਹਿਲਾਂ ਇਨ੍ਹਾਂ ਸੜਕਾਂ ਦਾ ਪੁਨਰ-ਨਿਰਮਾਣ ਜਾਂ ਮੁਰੰਮਤ ਕਰਵਾਈ ਜਾਵੇ, ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।