ਕੁਰਾਲੀ ਨਗਰ ਕੌਂਸਲ ’ਤੇ ‘ਆਪ’ ਦੇ ਬਹਾਦਰ ਸਿੰਘ ਓਕੇ ਬਣੇ ਪ੍ਰਧਾਨ ਕੁਰਾਲੀ ਨਗਰ ਕੌਂਸਲ ’ਤੇ ਆਪ ਦਾ ਕਬਜ਼ਾ, ਬਹਾਦਰ ਸਿੰਘ ਓਕੇ ਬਣੇ ਪ੍ਰਧਾਨ
Publish Date: Fri, 03 Jul 2026 09:36 PM (IST)
Updated Date: Sat, 04 Jul 2026 04:09 AM (IST)
-ਐੱਸਡੀਐੱਮ ਖਰੜ ਦੀ ਦੇਖ-ਰੇਖ ਹੇਠ ਹੋਈ ਇਸ ਚੋਣ ’ਚ ਹਲਕਾ ਵਿਧਾਇਕ ਅਨਮੋਲ ਗਗਨ ਤੇ ਨਵੇਂ ਚੁਣੇ 17 ਕੌਂਸਲਰਾਂ ਨੇ ਲਿਆ ਹਿੱਸਾ ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ ਹੋਈ। ਇਸ ਚੋਣ ਵਿਚ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰ ਬਹਾਦਰ ਸਿੰਘ ਓਕੇ ਕੌਂਸਲ ਦੇ ਪ੍ਰਧਾਨ ਚੁਣੇ ਗਏ, ਜਦਕਿ ਸ਼ਮ੍ਹਾ ਕਾਲੀਆ ਨੂੰ ਕੌਂਸਲ ਦੀ ਮੀਤ ਪ੍ਰਧਾਨ ਚੁਣਿਆ। ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਸ਼ਾਮ ਨੂੰ ਚੋਣ ਸਬੰਧੀ ਬੈਠਕ ਹੋਈ। ਐੱਸਡੀਐੱਮ ਖਰੜ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਤੋਂ ਇਲਾਵਾ ਨਵੇਂ ਚੁਣੇ 17 ਕੌਂਸਲਰਾਂ ਨੇ ਭਾਗ ਲਿਆ। ਬੈਠਕ ਦੇ ਪਹਿਲੇ ਚਰਨ ਵਿਚ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਫਿਰ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਕਾਰਵਾਈ ਕੀਤੀ ਗਈ। ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਕੌਂਸਲਰ ਡਾ. ਅਸ਼ਵਨੀ ਸ਼ਰਮਾ ਨੇ ਬਹਾਦਰ ਸਿੰਘ ਓਕੇ ਦਾ ਨਾਮ ਪੇਸ਼ ਕੀਤਾ ਅਤੇ ਪਰਦੀਪ ਰੂੜਾ ਨੇ ਤਾਈਦ ਕੀਤੀ। ਪ੍ਰਧਾਨਗੀ ਲਈ ਬਹਾਦਰ ਸਿੰਘ ਓਕੇ ਸਮੇਤ 11 ਕੌਂਸਲਰਾਂ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਹੱਥ ਖੜ੍ਹੇ ਕਰਕੇ ਬਹਾਦਰ ਸਿੰਘ ਓਕੇ ਦੇ ਨਾਮ ‘ਤੇ ਮੋਹਰ ਲਗਾਈ। ਇਸੇ ਦੌਰਾਨ ਮੀਤ ਪ੍ਰਧਾਨ ਚੁਣੇ ਜਾਣ ਲਈ ਪਰਦੀਪ ਰੂੜਾ ਨੇ ਆਜ਼ਾਦ ਕੌਂਸਲਰ ਸ਼ਮ੍ਹਾ ਕਾਲੀਆ ਦਾ ਨਾਂਅ ਪੇਸ਼ ਕੀਤਾ, ਜਿਸਦੀ ਤਾਈਦ ਡਾ. ਅਸ਼ਵਨੀ ਸ਼ਰਮਾ ਨੇ ਕੀਤੀ। ਸ਼ਮ੍ਹਾ ਕਾਲੀਆ ਦੇ ਹੱਕ ਵਿਚ ਵੀ 10 ਕੌਂਸਲਰਾਂ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਅਤੇ ਉਨ੍ਹਾਂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਦੂਜੇ ਪਾਸੇ ਕਾਂਗਰਸੀ ਕੌਂਸਲਰ ਭਾਰਤ ਭੂਸ਼ਨ ਨਾਲ ਸਬੰਧਤ ਧੜੇ ਵੱਲੋਂ ਬਹਾਦਰ ਸਿੰਘ ਓਕੇ ਨੂੰ 12 ਵੋਟਾਂ ਨਾਲ ਸਾਫ਼ ਬਹੁਮਤ ਮਿਲਿਆ ਦੇਖ ਕੇ ਆਪਣਾ ਨਾਂਅ ਹੀ ਪੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਨ ਵੱਲੋਂ ਕਈ ਹਫ਼ਤਿਆਂ ਤੋਂ ਪ੍ਰਧਾਨਗੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਪਰ ਕਾਂਗਰਸੀ ਕੌਂਸਲਰਾਂ ਵੱਲੋਂ ਹੀ ਉਸ ਨੂੰ ਸਮਰਥਨ ਨਹੀਂ ਮਿਲ ਸਕਿਆ, ਜਿਸ ਕਾਰਨ ਉਨ੍ਹਾਂ ਨੇ ਪ੍ਰਧਾਨਗੀ ਲਈ ਬੈਠਕ ਦੌਰਾਨ ਆਪਣਾ ਨਾਮ ਪੇਸ਼ ਨਹੀਂ ਕੀਤਾ। ਅੱਜ ਹੋਈ ਬੈਠਕ ਦੌਰਾਨ ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਜਿੱਥੇ ਸੱਤਾਧਾਰੀ ਧਿਰ ‘ਆਪ’ ਨੂੰ ਸ਼ਹਿਰ ਵਿਚ ਵੱਡਾ ਹੁਲਾਰਾ ਮਿਲਿਆ ਹੈ, ਉਥੇ ਸੱਤਾਧਾਰੀ ਧਿਰ ਕਾਂਗਰਸੀ ਖੇਮੇ ਵਿਚ ਪਾੜ ਪਾਉਣ ਵਿਚ ਸਫ਼ਲ ਰਹੇ ਹਨ। ਕਾਂਗਰਸ ਦੇ ਪੰਜ ਕੌਂਸਲਰਾਂ ਵਿਚੋਂ ਤਿੰਨ ਕੌਂਸਲਰ ਅੱਜ ਦੀ ਚੋਣ ਦੌਰਾਨ ਬਹਾਦਰ ਸਿੰਘ ਓਕੇ ਦੇ ਹੱਕ ਵਿਚ ਭੁਗਤੇ, ਜਦਕਿ ਇਕ ਆਜ਼ਾਦ ਕੌਂਸਲਰ ਵੀ ਬਹਾਦਰ ਸਿੰਘ ਓਕੇ ਦੇ ਹੱਕ ਵਿਚ ਭੁਗਤੀ। ਇਸ ਤੋਂ ਇਲਾਵਾ ਦੋ ਕਾਂਗਰਸੀ, ਭਾਜਪਾ ਦੀ ਇਕਲੌਤੀ ਕੌਂਸਲਰ ਤੇ ਤਿੰਨ ਹੋਰ ਬੀਜੇਪੀ ਪੱਖੀ ਆਜ਼ਾਦ ਕੌਂਸਲਰਾਂ ਨੇ ਬਹਾਦਰ ਸਿੰਘ ਦੇ ਹੱਕ ਵਿਚ ਭੁਗਤਣ ਤੋਂ ਕਿਨਾਰਾ ਕੀਤਾ।