- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਾਊਸਿੰਗ ਤੇ ਸ਼ਹਿਰ ਵਿਕਾਸ ਵਿਭਾਗ ਹਰਦੀਪ ਸਿੰਘ ਮੁੰਡੀਆਂ ਨਾਲ ਸਬੰਧਿਤ ਦੱਸੇ ਜਾ ਰਹੇ ਇੱਕ ਰਿਸ਼ਤੇਦਾਰ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਹਲਕਾ ਸਾਹਨੇਵਾਲ ਦੇ ਕੋਹਾੜਾ ਵਿਖੇ ਸਥਿਤ ਘਰ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਾਊਸਿੰਗ ਤੇ ਸ਼ਹਿਰ ਵਿਕਾਸ ਵਿਭਾਗ ਹਰਦੀਪ ਸਿੰਘ ਮੁੰਡੀਆਂ ਨਾਲ ਸਬੰਧਿਤ ਦੱਸੇ ਜਾ ਰਹੇ ਇੱਕ ਰਿਸ਼ਤੇਦਾਰ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਹਲਕਾ ਸਾਹਨੇਵਾਲ ਦੇ ਕੋਹਾੜਾ ਵਿਖੇ ਸਥਿਤ ਘਰ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਈਡੀ ਵੱਲੋਂ ਗਮਾਡਾ ਨਾਲ ਸਬੰਧਿਤ ਮਾਮਲੇ ’ਚ ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਦੁਪਹਿਰ ਸਮੇਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕੁਹਾੜਾ ਨੇੜ੍ਹੇ ਪ੍ਰਿੰਸ ਦੇ ਘਰ ਪਹੁੰਚੀ, ਜਿਸ ਤੋਂ ਬਾਅਦ ਘਰ ਦੇ ਦਰਵਾਜ਼ੇ ਬੰਦ ਕਰਕੇ ਬਾਹਰੀ ਵਿਅਕਤੀਆਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ। ਟੀਮ ਵੱਲੋਂ ਘਰ ਅੰਦਰ ਕਥਿਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਈਡੀ ਵੱਲੋਂ ਇਸ ਕਾਰਵਾਈ ਸਬੰਧੀ ਕੋਈ ਅਧਿਕਾਰਤ ਬਿਆਨ ਜਾਂ ਕਿਸੇ ਬਰਾਮਦਗੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਇਸ ਦੌਰਾਨ ਮੰਤਰੀ ਮੁੰਡੀਆਂ ਦੇ ਕੋਹਾੜਾ ਸਥਿਤ ਦਫ਼ਤਰ ਨੂੰ ਵੀ ਤਾਲਾ ਲੱਗਾ ਹੋਣ ਅਤੇ ਨੇੜ੍ਹਲੇ ਹੋਟਲ ਨੂੰ ਬੰਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਕਾਰਵਾਈਆਂ ਦਾ ਆਪਸ ਵਿਚ ਕੀ ਸਬੰਧ ਹੈ, ਇਸ ਬਾਰੇ ਵੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ। ਦੱਸਣਯੋਗ ਹੈ ਕਿ ਈਡੀ ਵੱਲੋਂ ਗਮਾਡਾ ਦੇ ਦਫ਼ਤਰ ਅਤੇ ਪੰਜਾਬ ਦੇ ਕਈ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤੋਂ ਬਾਅਦ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ’ਚ ਵੀ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਈਡੀ ਦੀ ਜਾਂਚ ਪੂਰੀ ਹੋਣ ਅਤੇ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਕਤ ਘਰ ’ਤੇ ਛਾਪੇਮਾਰੀ ਦਾ ਅਸਲ ਕਾਰਨ ਕੀ ਸੀ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ।
ਮੰਤਰੀ ਮੰਡੀਆਂ ਵੱਲੋਂ ਹੀ ਕੱਟੀ ਗਈ ਗੈਰ ਕਾਨੂੰਨੀ ਕਲੋਨੀ ਵਿੱਚ ਰਹਿੰਦਾ ਹੈ ਪ੍ਰਿੰਸ
ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਉੱਪਰ ਭਾਵੇਂ ਪੇਂਡੂ ਖੇਤਰ ਅੰਦਰ ਬਣਦੀਆਂ ਗੈਰ ਕਾਨੂੰਨੀ ਕਲੋਨੀਆਂ ’ਤੇ ਰੋਕ ਲਾਉਣਾ ਅਤੇ ਕਾਰਵਾਈ ਕਰਨ ਦੀ ਜਿੰਮੇਵਾਰੀ ਹੈ, ਪਰ ਜਿਸ ਕਲੋਨੀ ਵਿੱਚ ਮੰਤਰੀ ਮੰਡੀਆਂ ਦਾ ਭਤੀਜਾ ਪ੍ਰਿੰਸ ਰਹਿੰਦਾ ਹੈ ਅਤੇ ਜਿਸ ਘਰ ਵਿੱਚ ਈਡੀ ਦੀ ਰੇਡ ਹੋਈ ਹੈ, ਇਹ ਘਰ ਮੰਤਰੀ ਮੁੰਡੀਆ ਵੱਲੋਂ ਕੱਟੀ ਗਈ ਜਸ਼ਨ ਇਨਕਲੇਵ ਨਾਮ ਦੀ ਗੈਰ ਕਾਨੂੰਨੀ ਕਲੋਨੀ ਵਿੱਚ ਹੈ। ਲੋਕਾਂ ਦਾ ਕਹਿਣਾ ਹੈ ਕਿ ਦੂਜੀਆਂ ਗੈਰ ਕਾਨੂੰਨੀ ਕਲੋਨੀਆਂ ’ਤੇ ਤਾਂ ਗਲਾਡਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਪਰ ਇਥੇ ਮੰਤਰੀ ਵੱਲੋਂ ਧੜੱਲੇ ਨਾਲ ਗੈਰ ਕਾਨੂੰਨੀ ਕਲੋਨੀ ਉਸਾਰੀ ਗਈ ਹੈ ਅਤੇ ਉਸ ਵਿੱਚ ਘਰ ਵੀ ਬਣ ਚੁੱਕੇ ਹਨ। ਅੱਜ ਤੱਕ ਕਿਸੇ ਨੇ ਇਸ ਕਲੋਨੀ ਖਿਲਾਫ਼ ਕਾਰਵਾਈ ਨਹੀਂ ਕੀਤੀ।
ਆਲੀਸ਼ਾਨ ਹੋਟਲ ਬਾਰੇ ਵੀ ਖੜ੍ਹੇ ਹੋਏ ਸਵਾਲ
ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਮੰਤਰੀ ਹਰਦੀਪ ਮੁੰਡੀਆਂ ਆਪਣੇ ਆਪ ਨੂੰ ਆਮ ਘਰਾਂ ਵਿੱਚੋਂ ਆਇਆ ਆਖਦੇ ਹਨ, ਪਰ ਉਹਨਾਂ ਦੀ ਗੈਰ ਕਾਨੂੰਨੀ ਕਲੋਨੀ ਵਿੱਚ ਹੀ ਦਫਤਰ ਦੇ ਪਿੱਛੇ ਬਣ ਰਿਹਾ ਆਲੀਸ਼ਾਨ ਹੋਟਲ ਕਈ ਸਵਾਲ ਖੜੇ ਕਰ ਰਿਹਾ ਹੈ। ਕਿ ਵਿਧਾਇਕ ਅਤੇ ਉਸ ਤੋਂ ਬਾਅਦ ਮੰਤਰੀ ਬਣ ਕੇ ਇਨਾ ਪੈਸਾ ਕਿੱਥੋਂ ਆਇਆ ਕਿ ਆਲੀਸ਼ਾਨ ਹੋਟਲ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ।
ਘੋੜਿਆਂ ਦੇ ਫਾਰਮ ਦੀ ਵੀ ਚਰਚਾ
ਵਿਧਾਇਕ ਬਣਨ ਤੋਂ ਬਾਅਦ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਤੇ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੌਰਾਵਰ ਸਿੰਘ ਵੱਲੋਂ ਜਸ਼ਨ ਇਨਕਲੇਵ ਵਿੱਚ ਹੀ ਘੋੜਿਆਂ ਦਾ ਫਾਰਮ ਹਾਊਸ ਬਣਾਇਆ ਗਿਆ ਹੈ। ਜਿਸ ਵਿੱਚ ਮਹਿੰਗੇ ਮਹਿੰਗੇ ਘੋੜੇ ਰੱਖੇ ਗਏ ਹਨ। ਇਸ ਘੋੜਿਆਂ ਦੇ ਫਾਰਮ ਦੀ ਵੀ ਕਾਫ਼ੀ ਚਰਚਾ ਚੱਲ ਰਹੀ ਹੈ।