- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੇ ਕਰੀਬ ਸਾਢੇ ਤਿੰਨ ਸਾਲ ਫ਼ਰਾਰ ਰਹਿਣ ਤੋਂ ਬਾਅਦ ਸੁਪਰੀਮ ਕੋਰਟ ’ਚ ਸਿਰੰਡਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਰਾਜਜੀਤ ਅਪ੍ਰੈਲ 2023 ਤੋਂ ਫ਼ਰਾਰ ਚੱਲ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਪੁਲਿਸ-ਡਰੱਗ ਤਸਕਰ ਗਠਜੋੜ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੇ ਕਰੀਬ ਸਾਢੇ ਤਿੰਨ ਸਾਲ ਫ਼ਰਾਰ ਰਹਿਣ ਤੋਂ ਬਾਅਦ ਸੁਪਰੀਮ ਕੋਰਟ ’ਚ ਸਿਰੰਡਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਰਾਜਜੀਤ ਅਪ੍ਰੈਲ 2023 ਤੋਂ ਫ਼ਰਾਰ ਚੱਲ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਪੁਲਿਸ-ਡਰੱਗ ਤਸਕਰ ਗਠਜੋੜ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 20 ਜੁਲਾਈ ਦੇ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਨਾਲ ਹੀ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਕਿਸੇ ਹੋਰ ਜਾਂਚ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਸੂਬਾਈ ਪੁਲਿਸ ਦੇ ਹੁੰਦਿਆਂ ਉਨ੍ਹਾਂ ਨੂੰ ਨਿਰਪੱਖ ਜਾਂਚ ਨਹੀਂ ਮਿਲ ਸਕੇਗੀ।
10 ਸਤੰਬਰ ਨੂੰ ਸੁਪਰੀਮ ਕੋਰਟ ’ਚ ਮਾਮਲੇ ਦੀ ਸੁਣਵਾਈ ਦੌਰਾਨ ਰਾਜਜੀਤ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਮਿਤ ਰਾਵਲ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਦਾ ਮੁਵੱਕਿਲ ਸਰੰਡਰ ਕਰਨ ਲਈ ਤਿਆਰ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਆਗਸਟਿਨ ਜਾਰਜ ਮਸੀਹ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਅੱਗੇ ਪਾਉਂਦਿਆਂ ਰਾਜਜੀਤ ਨੂੰ ਇਸ ਦਰਮਿਆਨ ਸਿਰੰਡਰ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿਰੰਡਰ ਤੋਂ ਬਾਅਦ ਉਹ ਢੁੱਕਵੀਂ ਅਰਜ਼ੀ ਦਾਇਰ ਕਰ ਸਕਦੇ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ ਇਕ ਅਕਤੂਬਰ ਨੂੰ ਹੋਵੇਗੀ।
ਰਾਜਜੀਤ ਦਾ ਨਾਂ ਬਰਖ਼ਾਸਤ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਸਬੰਧਤ ਮਾਮਲੇ ’ਚ ਸਾਹਮਣੇ ਆਇਆ ਸੀ। ਐੱਸਟੀਐੱਫ ਨੇ 12 ਜੂਨ 2018 ਨੂੰ ਇੰਦਰਜੀਤ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਰਾਜਜੀਤ ਨੂੰ ਵੀ ਇਸ ਮਾਮਲੇ ’ਚ ਸਹਿ-ਮੁਲਜ਼ਮ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਐੱਸਆਈਟੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਅਪ੍ਰੈਲ 2023 ’ਚ ਰਾਜਜੀਤ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਸੀ।
ਸਰਕਾਰੀ ਹੁਕਮ ਮੁਤਾਬਕ, ਰਾਜਜੀਤ ਦੇ ਤਰਨਤਾਰਨ ਦੇ ਐੱਸਐੱਸਪੀ ਰਹਿਣ ਅਤੇ ਇੰਦਰਜੀਤ ਦੇ ਸੀਆਈਏ ਇੰਚਾਰਜ ਵਜੋਂ ਤਾਇਨਾਤ ਰਹਿਣ ਦੌਰਾਨ ਐੱਨਡੀਪੀਐੱਸ ਦੇ ਮਾਮਲਿਆਂ ’ਚ 50 ਤੋਂ ਵੱਧ ਸੈਂਪਲ ਫੇਲ੍ਹ ਹੋਏ ਸਨ। ਬਰਖ਼ਾਸਤਗੀ ਦੇ ਹੁਕਮ ’ਚ ਰਾਜਜੀਤ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਡਰੱਗ ਤਸਕਰਾਂ ਨੂੰ ਕਾਨੂੰਨ ਦੀ ਪਕੜ ਤੋਂ ਬਚਾਉਣ ਅਤੇ ਬੇਕਸੂਰ ਲੋਕਾਂ ਨੂੰ ਝੂਠੇ ਡਰੱਗ ਮਾਮਲਿਆਂ ’ਚ ਫਸਾਉਣ ਦੇ ਦੋਸ਼ ਵੀ ਲਾਏ ਗਏ ਸਨ।