- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਲਾ ਪਰਿਸ਼ਦ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ ਦੀਆਂ ਤਿੰਨ ਜਿਲਦਾਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਅਰਪਣ ਕੀਤੀਆਂ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ ਦੀਆਂ ਤਿੰਨ ਜਿਲਦਾਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਅਰਪਣ ਕੀਤੀਆਂ। ਤਿੰਨ ਜਿਲਦਾਂ ’ਚ 33 ਅਧਿਆਇ ਅਤੇ 1980 ਸਫ਼ਿਆਂ ਦੀ ਸਮੱਗਰੀ ਸ਼ਾਮਲ ਹੈ, ਜਿਸ ’ਚ ਪੰਜਾਬ ਦੀ ਧਰਤੀ, ਇਤਿਹਾਸਕ ਸੰਘਰਸ਼ਾਂ, ਸਮਾਜਿਕ ਤਬਦੀਲੀਆਂ, ਭਾਸ਼ਾ, ਸਾਹਿਤ, ਧਰਮ, ਲੋਕਧਾਰਾ, ਸੱਭਿਆਚਾਰ, ਪ੍ਰਵਾਸ, ਕਲਾ, ਸੰਗੀਤ ਤੇ ਸਾਂਝੀਆਂ ਯਾਦਾਂ ਨੂੰ ਇਤਿਹਾਸਕ ਸੰਦਰਭ ’ਚ ਸਮਝਣ ਦਾ ਯਤਨ ਕੀਤਾ ਗਿਆ ਹੈ।
ਸਮਾਗਮ ਦੀ ਪ੍ਰਧਾਨਗੀ ਉੱਘੇ ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਕੀਤੀ। ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਪੁਸਤਕਾਂ ਅੱਠ ਮਹੀਨਿਆਂ ਦੀ ਮਿਹਨਤ ਦਾ ਨਤੀਜਾ ਹਨ, ਜਿਨ੍ਹਾਂ ਨੂੰ ਪੰਜਾਬੀ ਦੇ ਪ੍ਰਮੁੱਖ ਵਿਦਵਾਨਾਂ ਦੀਆਂ ਲਿਖਤਾਂ ਨੇ ਸਮੱਗਰੀ ਪੱਖੋਂ ਸਮਰੱਥ ਬਣਾਇਆ ਹੈ।
ਮੁੱਖ ਭਾਸ਼ਣ ਦਿੰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੁਸਤਕ ’ਚ ਉਨ੍ਹਾਂ ਤਾਕਤਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ, ਜੋ ਇਤਿਹਾਸਕ ਧਾਰਾ ਨੂੰ ਰੂਪ ਦਿੰਦੀਆਂ ਹਨ। ਡਾ. ਅਕਾਲ ਅੰਮ੍ਰਿਤ ਕੌਰ ਨੇ ਕਿਹਾ ਕਿ ਤਿੰਨ ਜਿਲਦਾਂ ’ਚ ਪੰਜਾਬ ਦੇ ਵੱਖ-ਵੱਖ ਪੱਖਾਂ ਨੂੰ ਵੱਡੇ ਇਤਿਹਾਸਕ ਸੰਦਰਭ ਨਾਲ ਜੋੜਿਆ ਗਿਆ ਹੈ। ਡਾ. ਗੁਰਿੰਦਰ ਸਿੰਘ ਮਾਨ ਤੇ ਇਤਿਹਾਸਕਾਰ ਸੁਭਾਸ਼ ਪਰਿਹਾਰ ਨੇ
ਇਸ ਨੂੰ ਪੰਜਾਬ ਦੇ ਇਤਿਹਾਸ ਨੂੰ ਸਮਝਣ ਵੱਲ ਮਹੱਤਵਪੂਰਨ ਉਪਰਾਲਾ ਦੱਸਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਿਰਫ਼ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਸਿਰਫ਼ ਬੀਤੇ ਸਮੇਂ ਦੀ ਯਾਦ ਨਹੀਂ, ਸਗੋਂ ਅੱਜ ਵੀ ਇਤਿਹਾਸ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ‘ਪੰਜਾਬ ਦਾ ਇਤਿਹਾਸ’ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ, ਪ੍ਰੀਤਮ ਰੁਪਾਲ ਤੇ ਪੁਸਤਕ ਨਾਲ ਜੁੜੇ ਲੇਖਕ ਮੌਜੂਦ ਸਨ।