ਏਆਈ ਨਾਲ ਲੈਸ 'ਬਾਜ਼ ਅੱਖ' ਤੋਂ ਪੰਜਾਬ ਨੂੰ ਵੱਡੀ ਉਮੀਦ, ਡਰੋਨ ਤੇ ਪੰਛੀ ’ਚ ਕਰੇਗੀ ਫ਼ਰਕ, 8 ਤੋਂ 10 ਕਿਲੋਮੀਟਰ ਦੂਰੋਂ ਹੀ ਮਿਲੇਗੀ ਘੁਸਪੈਠ ਦੀ ਚਿਤਾਵਨੀ
ਪੰਜਾਬ ਪੁਲਿਸ ਅਨੁਸਾਰ ਵਾਹਨ 'ਤੇ ਸਥਾਪਤ ਇਹ ਏਆਈ ਆਧਾਰਿਤ ਸਿਸਟਮ ਉੱਡਦੇ ਪੰਛੀਆਂ ਅਤੇ ਡਰੋਨਾਂ ਵਿੱਚ ਫ਼ਰਕ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਨਾਲ ਗਲਤ ਅਲਰਟ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਇਹ ਪ੍ਰਣਾਲੀ ਬੀਐੱਸਐੱਫ ਦੀ ਮੌਜੂਦਾ ਸੁਰੱਖਿਆ ਵਿਵਸਥਾ ਨਾਲ ਦੂਜੀ ਸੁਰੱਖਿਆ ਪਰਤ ਵਜੋਂ ਕੰਮ ਕਰੇਗੀ ਅਤੇ ਸਰਹੱਦ ਪਾਰ ਤੋਂ ਆਉਣ ਵਾਲੇ ਸ਼ੱਕੀ ਡਰੋਨਾਂ 'ਤੇ ਲਗਾਤਾਰ ਨਜ਼ਰ ਰੱਖੇਗੀ।
Publish Date: Sun, 02 Aug 2026 08:14 AM (IST)
Updated Date: Sun, 02 Aug 2026 08:16 AM (IST)
ਰੋਹਿਤ ਕੁਮਾਰ, ਪੰਜਾਬੀ ਜਾਗਰਣ, ਚੰਡੀਗੜ੍ਹ। ਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਐਂਟੀ-ਡਰੋਨ ਪ੍ਰਣਾਲੀ 'ਬਾਜ਼ ਅੱਖ' ਨੂੰ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਬਣਾਇਆ ਹੈ। ਇਸ ਤਹਿਤ ਤਿੰਨ ਐਂਟੀ-ਡਰੋਨ ਸਿਸਟਮਾਂ ਨਾਲ 'ਹਵਾਈ ਨਾਕੇ' ਸਥਾਪਤ ਕੀਤੇ ਗਏ ਹਨ, ਜੋ 8 ਤੋਂ 10 ਕਿਲੋਮੀਟਰ ਦੂਰ ਤੱਕ ਡਰੋਨਾਂ ਦੀ ਪਛਾਣ ਕਰਕੇ ਤੁਰੰਤ ਚਿਤਾਵਨੀ ਦੇਣ ਦੇ ਸਮਰੱਥ ਹਨ।
ਪੰਜਾਬ ਪੁਲਿਸ ਅਨੁਸਾਰ ਵਾਹਨ 'ਤੇ ਸਥਾਪਤ ਇਹ ਏਆਈ ਆਧਾਰਿਤ ਸਿਸਟਮ ਉੱਡਦੇ ਪੰਛੀਆਂ ਅਤੇ ਡਰੋਨਾਂ ਵਿੱਚ ਫ਼ਰਕ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਨਾਲ ਗਲਤ ਅਲਰਟ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਇਹ ਪ੍ਰਣਾਲੀ ਬੀਐੱਸਐੱਫ ਦੀ ਮੌਜੂਦਾ ਸੁਰੱਖਿਆ ਵਿਵਸਥਾ ਨਾਲ ਦੂਜੀ ਸੁਰੱਖਿਆ ਪਰਤ ਵਜੋਂ ਕੰਮ ਕਰੇਗੀ ਅਤੇ ਸਰਹੱਦ ਪਾਰ ਤੋਂ ਆਉਣ ਵਾਲੇ ਸ਼ੱਕੀ ਡਰੋਨਾਂ 'ਤੇ ਲਗਾਤਾਰ ਨਜ਼ਰ ਰੱਖੇਗੀ।
ਪਛਾਣ ਤੋਂ ਬਾਅਦ ਡਰੋਨ ਨੂੰ ਕਰ ਸਕਦੀ ਹੈ ਅਕ੍ਰਿਆਸ਼ੀਲ
ਡਰੋਨ ਦੀ ਪਛਾਣ ਹੁੰਦੇ ਹੀ ਸਿਸਟਮ ਉਸ ਦੀ ਸਥਿਤੀ, ਗਤੀ ਅਤੇ ਉਚਾਈ ਸਬੰਧੀ ਜਾਣਕਾਰੀ ਤੁਰੰਤ ਆਪਰੇਟਰ ਤੱਕ ਪਹੁੰਚਾਉਂਦਾ ਹੈ ਅਤੇ ਆਪਣੇ ਆਪ ਅਲਰਟ ਜਾਰੀ ਕਰ ਦਿੰਦਾ ਹੈ। ਇਸ ਤੋਂ ਬਾਅਦ ਸੁਰੱਖਿਆ ਬਲ ਤੁਰੰਤ ਕਾਰਵਾਈ ਸ਼ੁਰੂ ਕਰ ਸਕਦੇ ਹਨ। 'ਬਾਜ਼ ਅੱਖ' ਡਰੋਨ ਦੇ ਰੇਡੀਓ ਅਤੇ ਜੀਪੀਐੱਸ ਸਿਗਨਲ ਨੂੰ ਵੀ ਜਾਮ ਕਰ ਸਕਦੀ ਹੈ, ਜਿਸ ਨਾਲ ਡਰੋਨ ਜਾਂ ਤਾਂ ਹੇਠਾਂ ਉਤਰ ਜਾਂਦਾ ਹੈ, ਹਾਦਸਾਗ੍ਰਸਤ ਹੋ ਜਾਂਦਾ ਹੈ ਜਾਂ ਮੁੜ ਪਾਕਿਸਤਾਨ ਵੱਲ ਪਰਤਣ ਲਈ ਮਜਬੂਰ ਹੋ ਜਾਂਦਾ ਹੈ।
ਡਰੋਨ ਤਸਕਰੀ ਲਗਾਤਾਰ ਬਣੀ ਚੁਣੌਤੀ
ਸੁਰੱਖਿਆ ਏਜੰਸੀਆਂ ਮੁਤਾਬਕ ਸਾਲ 2025 ਤੋਂ 27 ਜੁਲਾਈ 2026 ਤੱਕ ਪੰਜਾਬ ਸਰਹੱਦ 'ਤੇ 474 ਡਰੋਨ ਬਰਾਮਦ ਕੀਤੇ ਗਏ ਹਨ ਅਤੇ 777.474 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਸਾਲ 2025 ਵਿੱਚ 313 ਡਰੋਨ ਅਤੇ 385.119 ਕਿਲੋਗ੍ਰਾਮ ਹੈਰੋਇਨ ਜ਼ਬਤ ਹੋਈ ਸੀ, ਜਦਕਿ 2026 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਹੀ 161 ਡਰੋਨ ਅਤੇ 392.355 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ, ਜੋ ਪਠਾਨਕੋਟ, ਗੁਰਦਾਸਪੁਰ-ਬਟਾਲਾ, ਅੰਮ੍ਰਿਤਸਰ (ਦਿਹਾਤੀ), ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ। ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਬਦਲਦੇ ਤਸਕਰੀ ਦੇ ਢੰਗਾਂ ਨੂੰ ਦੇਖਦਿਆਂ 'ਬਾਜ਼ ਅੱਖ' ਵਰਗੀ ਆਧੁਨਿਕ ਐਂਟੀ-ਡਰੋਨ ਤਕਨੀਕ ਸੂਬੇ ਦੀ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ।