ਪੰਜਾਬ ਸਰਕਾਰ ਵੱਲੋਂ 'ਹਮਾਰੇ ਰਾਮ' ਨਾਟਕ ਦੀ ਮੁਹਾਲੀ ਤੋਂ ਰਸਮੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ 'ਹਮਾਰੇ ਰਾਮ' ਨਾਟਕ ਦੀ ਮੁਹਾਲੀ ਤੋਂ ਰਸਮੀ ਸ਼ੁਰੂਆਤ
Publish Date: Fri, 07 Aug 2026 09:10 PM (IST)
Updated Date: Sat, 08 Aug 2026 04:08 AM (IST)
* ਪੰਜਾਬ ਭਰ ’ਚ ਕਰਵਾਏ ਜਾਣਗੇ 41 ਮੁਫ਼ਤ ਸ਼ੋਅ : ਸੀਐੱਮ ਮਾਨ ਫੋਟੋ ਕੈਪਸ਼ਨ: ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਮੁਹਾਲੀ ਸ਼ੋਅ ਦੌਰਾਨ ਕਲਾਕਾਰਾਂ ਨਾਲ। 31ਪੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਮੁਹਾਲੀ ਵਿਖੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਮੁੱਖ ਭੂਮਿਕਾ ਵਾਲੇ ਚਰਚਿਤ ਨਾਟਕ ਹਮਾਰੇ ਰਾਮ ਦੇ ਉਦਘਾਟਨੀ ਸ਼ੋਅ ’ਚ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਇਸ ਨਾਲ ਸੂਬਾ ਸਰਕਾਰ ਵੱਲੋਂ ਅਗਸਤ ਤੇ ਸਤੰਬਰ ਮਹੀਨੇ ਦੌਰਾਨ ਪੰਜਾਬ ਦੇ 12 ਸ਼ਹਿਰਾਂ ’ਚ ਕਰਵਾਏ ਜਾਣ ਵਾਲੇ 41 ਮੁਫ਼ਤ ਸ਼ੋਅਜ਼ ਦੀ ਲੜੀ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਅਨੁਸਾਰ ਇਹ ਖਾਸ ਸ਼ੋਅ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਸੰਗਰੂਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਪਟਿਆਲਾ ਅਤੇ ਖੰਨਾ ਵਿਚ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਾਟਕ ਜਨਤਾ ਲਈ ਬਿਲਕੁਲ ਮੁਫ਼ਤ ਹੋਵੇਗਾ ਤਾਂ ਜੋ ਸਮਾਜ ਦਾ ਹਰ ਵਰਗ ਭਗਵਾਨ ਸ੍ਰੀ ਰਾਮ ਦੇ ਜੀਵਨ ਤੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਸਕੇ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਨਾਤਨ ਧਰਮ ਦੇ ਸੱਚ, ਧਰਮ, ਦਇਆ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨਾਲ ਜੋੜਨਾ ਹੈ। ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦਾ ਦਮਦਾਰ ਕਿਰਦਾਰ ਨਿਭਾਇਆ ਜਾ ਰਿਹਾ ਹੈ। ਗੌਰਵ ਭਾਰਦਵਾਜ ਵੱਲੋਂ ਨਿਰਦੇਸ਼ਿਤ ਅਤੇ ਫੈਲੀਸਿਟੀ ਥੀਏਟਰ ਦੁਆਰਾ ਨਿਰਮਿਤ ਇਸ ਸ਼ੋਅ ਵਿਚ ਲਗਭਗ 150 ਕਲਾਕਾਰਾਂ ਦੀ ਟੀਮ ਹੈ, ਜਿਨ੍ਹਾਂ ਵੱਲੋਂ ਆਪੋ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਾਲ ਨਿਭਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਇਕ ਸ਼ਾਮ ਸ਼ਿਵ ਕੇ ਨਾਮ ਵਰਗੇ ਸ਼ਾਨਦਾਰ ਪ੍ਰੋਗਰਾਮ ਕਰਵਾਏ ਸਨ ਅਤੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵੀ ਉਲੀਕੇ ਜਾ ਰਹੇ ਹਨ। ਜਿਸ ਤਹਿਤ ਪੰਜਾਬ ਦੇ ਪਿੰਡਾਂ ਵਿਚ ਗੁਰੂ ਰਿਵਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਵਿਸ਼ੇਸ਼ ਦਸਤਾਵੇਜ਼ੀ ਫਿ਼ਲਮ ਦਿਖਾਈ ਜਾ ਰਹੀ ਹੈ। ਸਮਾਗਮ ਨੂੰ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਨੂੰ ਸੰਬੋਧਨ ਕੀਤਾ। ਮੁਹਾਲੀ ਦੇ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਨੇ ਇਸ ਸ਼ਾਨਦਾਰ ਪੇਸ਼ਕਾਰੀ ਦਾ ਭਰਪੂਰ ਆਨੰਦ ਲਿਆ। ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਆਪਣੀ ਬੇਟੀ ਨਾਲ ਮੌਜੂਦ ਸਨ।