- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿੱਲਾਂ ਨੇ ਜਿੱਤੇ ਕੌਮੀ ਐਵਾਰਡ

ਫੋਟੋ ਸਮਾਚਾਰ
* ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਗਡਕਰੀ ਪਾਸੋਂ ਐਵਾਰਡ ਪ੍ਰਾਪਤ ਕੀਤੇ
* ਪੰਜਾਬ ਸਰਕਾਰ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਵੱਲ ਵਿਸ਼ੇਸ਼ ਤਵੱਜੋ ਦੇ ਰਹੀ ਹੈ : ਖੁੱਡੀਆਂ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿਲਾਂ ਨੇ ਨਵੀਂ ਦਿੱਲੀ ਵਿਖੇ ਹੋਏ ਕੌਮੀ ਸਹਿਕਾਰਤਾ ਸ਼ੂਗਰ ਉਦਯੋਗ ਕਨਕਲੇਵ 2026 ਦੌਰਾਨ ਵਿੱਤੀ ਪ੍ਰਬੰਧਨ, ਉੱਤਮ ਗੰਨਾ ਵਿਕਾਸ ਤੇ ਤਕਨੀਕੀ ਕੁਸ਼ਲਤਾ ਸ਼੍ਰੇਣੀਆਂ ’ਚ ਕੌਮੀ ਪੱਧਰ ਦੇ ਐਵਾਰਡ ਹਾਸਲ ਕੀਤੇ ਹਨ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਪਾਸੋਂ ਇਹ ਐਵਾਰਡ ਪ੍ਰਾਪਤ ਕੀਤੇ।
ਇਸ ਕਨਕਲੇਵ ਦੌਰਾਨ ਵਿੱਤੀ ਪ੍ਰਬੰਧਨ (ਅਦਰ ਰਿਕਵਰੀ ਏਰੀਆ) ਵਰਗ ’ਚ ਦੀ ਬਟਾਲਾ ਕੋ-ਆਪ੍ਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ, ਉੱਤਮ ਗੰਨਾ ਵਿਕਾਸ (ਅਦਰ ਰਿਕਵਰੀ ਏਰੀਆ) ਵਰਗ ’ਚ ਦੀ ਫਾਜ਼ਿਲਕਾ ਕੋ-ਆਪ੍ਰੇਟਿਵ ਸ਼ੂਗਰ ਮਿਲਜ਼ ਲਿਮਟਿਡ ਤੇ ਬੁੱਢੇਵਾਲ ਕੋ-ਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਤੇ ਤਕਨੀਕੀ ਕੁਸ਼ਲਤਾ ਐਵਾਰਡ (ਅਦਰ ਰਿਕਵਰੀ ਏਰੀਆ) ਵਰਗ ’ਚ ਦੀ ਨਕੋਦਰ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਤੇ ਇਸੇ ਵਰਗ ’ਚ ਦੀ ਭੋਗਪੁਰ ਕੋ-ਆਪ੍ਰੇਟਿਵ ਸ਼ੂਗਰ ਮਿਲਜ਼ ਲਿਮਟਿਡ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਕੈਬਨਿਟ ਮੰਤਰੀ ਖੁੱਡੀਆਂ ਨੇ ਇਸ ਮੌਕੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗੰਨੇ ਦੀ ਉਤਪਾਦਕਤਾ ਵਧਾਉਣ, ਖੰਡ ਦੀ ਵਸੂਲੀ ਦਰ ’ਚ ਸੁਧਾਰ ਕਰਨ ਤੇ ਕਾਸ਼ਤ ਦੀ ਲਾਗਤ ਘਟਾਉਣ ਲਈ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਵੱਲ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪੰਜ ਖੰਡ ਮਿੱਲਾਂ ਨੂੰ ਕੌਮੀ ਪੱਧਰ ਤੇ ਐਵਾਰਡ ਮਿਲਣਾ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਗੰਨਾ ਕਾਸ਼ਤਕਾਰਾਂ ਨੂੰ ਪੂਰੇ ਮੁਲਕ ’ਚੋਂ ਸਭ ਤੋਂ ਵਧ ਗੰਨੇ ਦਾ ਭਾਅ 416 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ, ਜਿਸ ’ਚ ਸੂਬਾ ਸਰਕਾਰ ਵੱਲੋਂ 68.50 ਰੁਪਏ ਬਤੌਰ ਸਬਸਿਡੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਸਾਲ 2025-26 ਦੌਰਾਨ ਪੰਜਾਬ ’ਚ ਗੰਨੇ ਹੇਠ ਰਕਬਾ 1,11,818 ਹੈਕਟੇਅਰ ਸੀ, ਜੋ ਸਾਲ 2026-27 ਦੌਰਾਨ ਵਧ ਕੇ 1,16,131 ਹੈਕਟੇਅਰ ਹੋ ਗਿਆ ਹੈ। ਜੇਕਰ ਮੌਸਮ ਅਨੁਕੂਲ ਰਿਹਾ ਤਾਂ ਇਸ ਰਕਬੇ ਤੋਂ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੰਨਾ ਮਾਹਿਰਾਂ, ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਨਾਂ ਰਾਹੀਂ ਚੌੜੀ ਵਿਧੀ ਨਾਲ ਬਿਜਾਈ, ਪ੍ਰਾਈਮਰੀ ਸੀਡ ਨਰਸਰੀ ਰਾਹੀਂ ਬਿਜਾਈ, ਸੁਧਰੇ ਅਤੇ ਰੋਗ-ਰਹਿਤ ਬੀਜ ਦੀ ਵਰਤੋਂ, ਖਾਦਾਂ ਦੀ ਸੰਤੁਲਿਤ ਵਰਤੋਂ, ਕੀਟ ਅਤੇ ਬਿਮਾਰੀ ਪ੍ਰਬੰਧਨ ਅਤੇ ਖੇਤੀ ਮਸ਼ੀਨੀਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਾਲ 2026-27 ਦੌਰਾਨ ਗੰਨੇ ਦੀ ਆਧੁਨਿਕ ਕਾਸ਼ਤ ਅਤੇ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਸਕੀਮ ਲਾਗੂ ਕੀਤੀ ਗਈ ਹੈ, ਜਿਸ ਤਹਿਤ ਚੁਣੇ ਹੋਏ ਜ਼ਿਲ੍ਹਿਆਂ ਵਿੱਚ ਸਿਫਾਰਸ਼ਸ਼ੁਦਾ ਗੰਨਾ ਕਾਸ਼ਤ ਤਕਨੀਕਾਂ ’ਤੇ ਆਧਾਰਿਤ ਇੱਕ ਹੈਕਟੇਅਰ ਦੇ ਪ੍ਰਦਰਸ਼ਨੀ ਪਲਾਟ ਸਥਾਪਤ ਕਰਨ ਲਈ ਕਿਸਾਨਾਂ ਨੂੰ 3,200 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਸਹਿਕਾਰਤਾ ਵਿਭਾਗ ਪੰਜਾਬ ਦੇ ਸਕੱਤਰ ਅਜੀਤ ਬਾਲਾ ਜੋਸ਼ੀ ਅਤੇ ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ ਡਾ. ਸੇਨੂੰ ਦੁੱਗਲ, ਐਵਾਰਡ ਪ੍ਰਾਪਤ ਕਰਨ ਵਾਲੀਆਂ ਖੰਡ ਮਿੱਲਾਂ ਦੇ ਅਧਿਕਾਰੀ ਵੀ ਹਾਜ਼ਰ ਸਨ।