ਹੜ੍ਹਾਂ ਦੇ ਪਾਣੀ ਨਾਲ ਬਚੇਗਾ ਪੰਜਾਬ ਦਾ ਡਿੱਗਦਾ ਧਰਤੀ ਹੇਠਲਾ ਪਾਣੀ, ਚੰਡੀਗੜ੍ਹ 'ਚ ਭਾਰਤ-ਅਮਰੀਕਾ ਦੇ ਮਾਹਿਰਾਂ ਦਾ ਵੱਡਾ ਮੰਥਨ ਪੰਜਾਬ ਵਿੱਚ ਹੜ੍ਹਾਂ ਦੌਰਾਨ ਆਉਣ ਵਾਲੇ ਵਾਧੂ ਪਾਣੀ ਨੂੰ ਧਰਤੀ ਹੇਠਾਂ ਪਹੁੰਚਾ ਕੇ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਭਾਰਤ ਅਤੇ ਅਮਰੀਕਾ ਦੇ ਮਾਹਿਰਾਂ ਨੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੇ ਸੈਕਟਰ-17 ਸਥਿਤ ਹਯਾਤ ਸੈਂਟ੍ਰਿਕ ਵਿੱਚ ਸੋਮਵਾਰ ਨੂੰ ਛੇ ਦਿਨਾਂ ਦੀ ਭਾਰਤ-ਅਮਰੀਕਾ ਵਿਗਿਆਨਕ ਵਰਕਸ਼ਾਪ ਦੀ ਸ਼ੁਰੂਆਤ ਹੋਈ। ਇਸ ਦਾ ਮਕਸਦ ਹੜ੍ਹਾਂ ਦੇ ਵਾਧੂ ਪਾਣੀ ਨੂੰ ਵਿਗਿਆਨਕ ਢੰਗ ਨਾਲ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿੱਚ ਪਹੁੰਚਾ ਕੇ ਹੜ੍ਹਾਂ ਅਤੇ ਪਾਣੀ ਦੇ ਸੰਕਟ ਨਾਲ ਇਕੱਠੇ ਨਜਿੱਠਣ ਲਈ ਤਕਨੀਕ ਵਿਕਸਿਤ ਕਰਨਾ ਹੈ।
Publish Date: Tue, 18 Aug 2026 10:47 AM (IST)
Updated Date: Tue, 18 Aug 2026 10:48 AM (IST)
ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਦੌਰਾਨ ਆਉਣ ਵਾਲੇ ਵਾਧੂ ਪਾਣੀ ਨੂੰ ਧਰਤੀ ਹੇਠਾਂ ਪਹੁੰਚਾ ਕੇ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਭਾਰਤ ਅਤੇ ਅਮਰੀਕਾ ਦੇ ਮਾਹਿਰਾਂ ਨੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੇ ਸੈਕਟਰ-17 ਸਥਿਤ ਹਯਾਤ ਸੈਂਟ੍ਰਿਕ ਵਿੱਚ ਸੋਮਵਾਰ ਨੂੰ ਛੇ ਦਿਨਾਂ ਦੀ ਭਾਰਤ-ਅਮਰੀਕਾ ਵਿਗਿਆਨਕ ਵਰਕਸ਼ਾਪ ਦੀ ਸ਼ੁਰੂਆਤ ਹੋਈ। ਇਸ ਦਾ ਮਕਸਦ ਹੜ੍ਹਾਂ ਦੇ ਵਾਧੂ ਪਾਣੀ ਨੂੰ ਵਿਗਿਆਨਕ ਢੰਗ ਨਾਲ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿੱਚ ਪਹੁੰਚਾ ਕੇ ਹੜ੍ਹਾਂ ਅਤੇ ਪਾਣੀ ਦੇ ਸੰਕਟ ਨਾਲ ਇਕੱਠੇ ਨਜਿੱਠਣ ਲਈ ਤਕਨੀਕ ਵਿਕਸਿਤ ਕਰਨਾ ਹੈ।
ਓਰੇਗਨ ਸਟੇਟ ਯੂਨੀਵਰਸਿਟੀ ਦੀ ਅਗਵਾਈ ਵਿੱਚ ਵਰਕਸ਼ਾਪ ‘ਸਮਾਰਟ ਗਰਾਊਂਡਵਾਟਰ ਰੀਚਾਰਜ : ਏ ਟ੍ਰਾਂਸਡਿਸਿਪਲਿਨਰੀ ਯੂਐੱਸਏ-ਇੰਡੀਆ ਫਰੇਮਵਰਕ’ ਨਾਮਕ ਵਰਕਸ਼ਾਪ ਦੀ ਅਗਵਾਈ ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਕਰ ਰਹੀ ਹੈ। ਇਸ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲੋਜੀ (ਐੱਨਆਈਐੱਚ), ਰੁੜਕੀ, ਆਈਆਈਟੀ ਰੁੜਕੀ, ਆਈਆਈਟੀ ਭੁਵਨੇਸ਼ਵਰ, ਆਈਆਈਟੀ ਗਾਂਧੀਨਗਰ, ਸੀਡਬਲਿਊਆਰਡੀਐੱਮ ਕੋਝੀਕੋਡ ਅਤੇ ਐੱਨਆਈਟੀ ਤਿਰੁਚਿਰਾਪੱਲੀ ਸਮੇਤ ਕਈ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ।
ਵਰਕਸ਼ਾਪ ਦਾ ਉਦਘਾਟਨ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀਡਬਲਿਊਆਰਡੀਏ) ਦੇ ਚੇਅਰਪਰਸਨ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਕੀਤਾ। ਐੱਨਆਈਐੱਚ ਰੁੜਕੀ ਦੇ ਡਾਇਰੈਕਟਰ ਡਾ. ਵਾਈਆਰਐੱਸ ਰਾਓ ਦੀ ਮੌਜੂਦਗੀ ਵਿੱਚ ਦੀਵਾ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਵਰਕਸ਼ਾਪ ਵਿੱਚ ਭਾਰਤ ਅਤੇ ਅਮਰੀਕਾ ਦੇ ਕਰੀਬ 40 ਖੋਜਕਰਤਾ, ਨੀਤੀ ਨਿਰਮਾਤਾ, ਇੰਜੀਨੀਅਰ ਅਤੇ ਭਾਈਚਾਰੇ ਨਾਲ ਜੁੜੇ ਮਾਹਿਰ ਹਿੱਸਾ ਲੈ ਰਹੇ ਹਨ। ਪ੍ਰਾਜੈਕਟ ਦੀ ਪ੍ਰਮੁੱਖ ਖੋਜਕਰਤਾ ਓਰੇਗਨ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰਲ ਸਾਇੰਸਿਜ਼ ਦੀ ਡਾ. ਸਲੀਨੀ ਸਸੀਧਰਨ ਹਨ।
ਡਾ. ਸਸੀਧਰਨ ਦੀ ਪ੍ਰਯੋਗਸ਼ਾਲਾ ਓਰੇਗਨ ਵਿੱਚ ਧਰਤੀ ਹੇਠਲੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਨਾਲ ਸਬੰਧਤ ਨਵੀਆਂ ਤਕਨੀਕਾਂ 'ਤੇ ਕੰਮ ਕਰਦੀ ਹੈ। ਉਥੇ ਵਿਕਸਿਤ ‘ਡਰਾਈਵੈੱਲ’ ਆਧਾਰਿਤ ਪਾਣੀ ਰੀਚਾਰਜ ਤਕਨੀਕ ਨੂੰ ਭਾਰਤੀ ਹਾਲਾਤਾਂ ਮੁਤਾਬਕ ਢਾਲਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਝੋਨੇ ਦੀ ਖੇਤੀ ਕਾਰਨ ਡਿੱਗਿਆ ਪਾਣੀ ਦਾ ਪੱਧਰ ਪੰਜਾਬ ਵਿੱਚ ਦਹਾਕਿਆਂ ਤੋਂ ਝੋਨੇ ਦੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਖੇਤੀ ਕਾਰਨ ਕਈ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਗਿਆ ਹੈ। ਇਸ ਕਾਰਨ ਪੰਜਾਬ ਨੂੰ ਇਸ ਤਕਨੀਕ ਦੀ ਜਾਂਚ ਲਈ ਅਹਿਮ ਖੇਤਰ ਮੰਨਿਆ ਜਾ ਰਿਹਾ ਹੈ।
ਵਰਕਸ਼ਾਪ ਵਿੱਚ ‘ਮੈਨੇਜਡ ਐਕੁਈਫਰ ਰੀਚਾਰਜ’ (ਐੱਮਏਆਰ) 'ਤੇ ਵਿਸ਼ੇਸ਼ ਚਰਚਾ ਹੋਵੇਗੀ। ਇਸ ਤਕਨੀਕ ਰਾਹੀਂ ਮਾਨਸੂਨ ਅਤੇ ਹੜ੍ਹਾਂ ਦੌਰਾਨ ਮਿਲਣ ਵਾਲੇ ਵਾਧੂ ਪਾਣੀ ਨੂੰ ਡਰਾਈਵੈੱਲ ਵਰਗੀਆਂ ਬਣਤਰਾਂ ਰਾਹੀਂ ਧਰਤੀ ਦੇ ਅੰਦਰ ਪਹੁੰਚਾ ਕੇ ਪਾਣੀ ਦੇ ਭੰਡਾਰਾਂ ਵਿੱਚ ਸੰਭਾਲਿਆ ਜਾਵੇਗਾ। ਲੋੜ ਪੈਣ 'ਤੇ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਨਾਲ ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਦੇ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ।
ਸੰਗਰੂਰ-ਪਟਿਆਲਾ ਵਿੱਚ ਮੈਦਾਨੀ ਅਧਿਐਨ ਛੇ ਦਿਨਾਂ ਦੇ ਪ੍ਰੋਗਰਾਮ ਦੌਰਾਨ ਤਕਨੀਕੀ ਸੈਸ਼ਨ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਮਾਹਿਰ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਵੀ ਕਰਨਗੇ। ਇਸ ਤੋਂ ਇਲਾਵਾ ਭਵਾਨੀਗੜ੍ਹ ਬਲਾਕ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਕੇ ਸਥਾਨਕ ਹਾਲਾਤ, ਲੋੜਾਂ ਅਤੇ ਚੁਣੌਤੀਆਂ ਨੂੰ ਸਮਝਿਆ ਜਾਵੇਗਾ।
ਵਰਕਸ਼ਾਪ ਦੇ ਅੰਤ ਵਿੱਚ ਭਾਰਤ-ਅਮਰੀਕਾ ਦੀ ਸਾਂਝੀ ਸਮੀਖਿਆ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖੇਤਰ ਵਿੱਚ ਹੜ੍ਹਾਂ ਦੇ ਪਾਣੀ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਾਲੇ ਪ੍ਰਾਜੈਕਟਾਂ ਨੂੰ ਪਾਇਲਟ ਪੱਧਰ 'ਤੇ ਲਾਗੂ ਕਰਨ ਲਈ ਵੱਡਾ ਖੋਜ ਪ੍ਰਸਤਾਵ ਵੀ ਤਿਆਰ ਕੀਤਾ ਜਾਵੇਗਾ। ਡਾ. ਸਲੀਨੀ ਸਸੀਧਰਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਮਾਹਿਰ ਮਿਲ ਕੇ ਭਵਿੱਖ ਦੀ ਪਾਣੀ ਸੁਰੱਖਿਆ ਲਈ ਹੱਲ ਅਤੇ ਸਾਂਝੇਦਾਰੀ ਤਿਆਰ ਕਰ ਰਹੇ ਹਨ।