ਪੰਜਾਬ ਕਾਂਗਰਸ 2027 ਦੀਆਂ ਚੋਣਾਂ ਲਈ ਤਿਆਰ ਕਰੇਗੀ ਜਨਤਾ ਦਾ ਚੋਣ ਮੈਨੀਫੈਸਟੋ, Gen-Z ਦੀ ਪਸੰਦ ’ਤੇ ਇਨ੍ਹਾਂ ਮੁੱਦਿਆਂ 'ਤੇ ਰਹੇਗਾ ਖ਼ਾਸ ਫੋਕਸ
ਖ਼ਾਸ ਤੌਰ 'ਤੇ ਨਵੀਂ ਪੀੜ੍ਹੀ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ Gen-Z ਦੀਆਂ ਚਿੰਤਾਵਾਂ ਨੂੰ ਘੋਸ਼ਣਾ ਪੱਤਰ ’ਚ ਪ੍ਰਮੁੱਖ ਸਥਾਨ ਦੇਣ ਦੀ ਤਿਆਰੀ ਹੈ। ਘੋਸ਼ਣਾ ਪੱਤਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਅਮਰ ਸਿੰਘ ਨੇ ਦੱਸਿਆ ਕਿ ਸਿੱਖਿਆ, ਪ੍ਰੀਖਿਆ ਪ੍ਰਣਾਲੀ ਅਤੇ ਰੁਜ਼ਗਾਰ ਅੱਜ ਦੇ ਸਮੇਂ ’ਚ ਨੌਜਵਾਨਾਂ ਦੇ ਸਭ ਤੋਂ ਵੱਡੇ ਮੁੱਦਿਆਂ ’ਚ ਸ਼ਾਮਲ ਹਨ।
Publish Date: Sat, 22 Aug 2026 12:13 PM (IST)
Updated Date: Sat, 22 Aug 2026 12:16 PM (IST)
ਡਿਜੀਟਲ ਡੈਸਕ, ਚੰਡੀਗੜ੍ਹ। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਹੁਣੇ ਤੋਂ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਇਸ ਵਾਰ ਚੋਣ ਘੋਸ਼ਣਾ ਪੱਤਰ (ਮੈਨੀਫੈਸਟੋ) ਨੂੰ ਸਿਰਫ਼ ਵਾਅਦਿਆਂ ਦਾ ਦਸਤਾਵੇਜ਼ ਬਣਾਉਣ ਦੀ ਬਜਾਏ ਜਨਤਾ ਦੀ ਰਾਏ ਅਤੇ ਵੱਖ-ਵੱਖ ਵਰਗਾਂ ਦੀਆਂ ਲੋੜਾਂ ਦੇ ਆਧਾਰ 'ਤੇ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਪਾਰਟੀ ਦੀ ਘੋਸ਼ਣਾ ਪੱਤਰ ਕਮੇਟੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਜਾ ਕੇ ਲੋਕਾਂ ਕੋਲੋਂ ਸੁਝਾਅ ਲਵੇਗੀ।
ਖ਼ਾਸ ਤੌਰ 'ਤੇ ਨਵੀਂ ਪੀੜ੍ਹੀ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ Gen-Z ਦੀਆਂ ਚਿੰਤਾਵਾਂ ਨੂੰ ਘੋਸ਼ਣਾ ਪੱਤਰ ’ਚ ਪ੍ਰਮੁੱਖ ਸਥਾਨ ਦੇਣ ਦੀ ਤਿਆਰੀ ਹੈ। ਘੋਸ਼ਣਾ ਪੱਤਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਅਮਰ ਸਿੰਘ ਨੇ ਦੱਸਿਆ ਕਿ ਸਿੱਖਿਆ, ਪ੍ਰੀਖਿਆ ਪ੍ਰਣਾਲੀ ਅਤੇ ਰੁਜ਼ਗਾਰ ਅੱਜ ਦੇ ਸਮੇਂ ’ਚ ਨੌਜਵਾਨਾਂ ਦੇ ਸਭ ਤੋਂ ਵੱਡੇ ਮੁੱਦਿਆਂ ’ਚ ਸ਼ਾਮਲ ਹਨ।
ਪਾਰਟੀ ਯੂਨੀਵਰਸਿਟੀਆਂ ਅਤੇ ਸਕੂਲਾਂ ’ਚ ਜਾ ਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਵਿਦਿਆਰਥੀ ਆਪਣੀ ਸਿੱਖਿਆ ਅਤੇ ਭਵਿੱਖ ਨੂੰ ਲੈ ਕੇ ਕਾਫ਼ੀ ਉਤਸ਼ਾਹੀ ਹਨ। ਇਸ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਘੋਸ਼ਣਾ ਪੱਤਰ ’ਚ ਸ਼ਾਮਲ ਕਰਨਾ ਜ਼ਰੂਰੀ ਹੈ।
Gen-Z ਦੀਆਂ ਮੰਗਾਂ 'ਤੇ ਰਹੇਗਾ ਵਿਸ਼ੇਸ਼ ਜ਼ੋਰ
ਕਾਂਗਰਸ ਅਨੁਸਾਰ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਅੱਗੇ ਰੁਜ਼ਗਾਰ ਦੀ ਸਮੱਸਿਆ ਇੱਕ ਵੱਡੀ ਚੁਣੀ ਬਣੀ ਹੋਈ ਹੈ। ਬਿਹਤਰ ਮੌਕਿਆਂ ਦੀ ਭਾਲ ’ਚ ਵੱਡੀ ਗਿਣਤੀ ’ਚ ਨੌਜਵਾਨ ਦੂਜੇ ਰਾਜਾਂ ਜਾਂ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਅਜਿਹੇ ’ਚ ਪਾਰਟੀ ਇਹ ਸਮਝਣ ਦੀ ਕੋਸ਼ਿਸ਼ ਕਰੇਗੀ ਕਿ ਨੌਜਵਾਨਾਂ ਨੂੰ ਪੰਜਾਬ ’ਚ ਹੀ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕਿਸ ਤਰ੍ਹਾਂ ਦੀਆਂ ਨੀਤੀਆਂ ਦੀ ਲੋੜ ਹੈ।
ਕਮੇਟੀ ਸਿਰਫ਼ ਵੱਡੀਆਂ ਸੰਸਥਾਵਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਤੱਕ ਸੀਮਤ ਨਹੀਂ ਰਹੇਗੀ। ਇਸ ਦੇ ਮੈਂਬਰ ਕਿਸਾਨਾਂ, ਉਦਯੋਗ ਪ੍ਰਤੀਨਿਧੀਆਂ, ਵਪਾਰੀਆਂ, ਕਰਮਚਾਰੀ ਸੰਗਠਨਾਂ, ਅਧਿਆਪਕਾਂ, ਪ੍ਰੋਫ਼ੈਸਰਾਂ, ਸਮਾਜਿਕ ਸੰਸਥਾਵਾਂ, ਬੁੱਧੀਜੀਵੀਆਂ ਅਤੇ ਹੋਰਨਾਂ ਵਰਗਾਂ ਨਾਲ ਵੀ ਗੱਲਬਾਤ ਕਰਨਗੇ।
ਕਿਸਾਨਾਂ ਕੋਲੋਂ ਵੀ ਮੰਗੇ ਜਾਣਗੇ ਸੁਝਾਅ
ਅਮਰ ਸਿੰਘ ਨੇ ਕਿਹਾ ਕਿ ਕਮੇਟੀ ਜ਼ਿਲ੍ਹਾ ਪੱਧਰ 'ਤੇ ਸੁਝਾਅ ਲੈਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਪੰਜਾਬ ਦੀ ਖੇਤੀ ਅਤੇ ਉਦਯੋਗ ਨਾਲ ਜੁੜੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਮੁੱਦਿਆਂ ਨੂੰ ਵੀ ਘੋਸ਼ਣਾ ਪੱਤਰ ’ਚ ਮਹੱਤਵਪੂਰਨ ਸਥਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰਿਕਸ਼ਾ ਚਲਾਉਣ ਵਾਲਿਆਂ ਅਤੇ ਰੇਹੜੀ-ਫੜ੍ਹੀ 'ਤੇ ਕੰਮ ਕਰਨ ਵਾਲੇ ਲੋਕਾਂ ਵਰਗੇ ਛੋਟੇ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਜਾਵੇਗਾ।
ਪਾਰਟੀ ਦਾ ਉਦੇਸ਼ ਅਜਿਹਾ ਘੋਸ਼ਣਾ ਪੱਤਰ ਤਿਆਰ ਕਰਨਾ ਹੈ, ਜਿਸ 'ਤੇ ਲੋਕ ਭਰੋਸਾ ਕਰ ਸਕਣ ਅਤੇ ਜਿਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਸਕੇ। ਕਾਂਗਰਸ ਦਾ ਕਹਿਣਾ ਹੈ ਕਿ ਘੋਸ਼ਣਾ ਪੱਤਰ ਸਿਰਫ਼ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਵਾਅਦਿਆਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਲੋਕਾਂ ਤੋਂ ਮਿਲੇ ਸੁਝਾਅ ਦੇ ਆਧਾਰ 'ਤੇ ਵਿਵਹਾਰਕ ਨੀਤੀਆਂ ਦਾ ਦਸਤਾਵੇਜ਼ ਹੋਣਾ ਚਾਹੀਦਾ ਹੈ।
ਗੁੱਟਬਾਜ਼ੀ ਦੌਰਾਨ ਘੋਸ਼ਣਾ ਪੱਤਰ ਕਮੇਟੀ ਦੀ ਚੁਣੌਤੀ
ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਦੇ ਵਿਚਕਾਰ ਘੋਸ਼ਣਾ ਪੱਤਰ ਕਮੇਟੀ ਦੀ ਜ਼ਿੰਮੇਵਾਰੀ ਵੀ ਅਹਿਮ ਹੋ ਗਈ ਹੈ। ਪਾਰਟੀ ਨੇ ਚੋਣਾਂ ਨਾਲ ਜੁੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਲਈ ਸੀਨੀਅਰ ਨੇਤਾਵਾਂ ਨੂੰ ਡਿਊਟੀਆਂ ਸੌਂਪੀਆਂ ਹਨ। ਇਸ ਦੇ ਬਾਵਜੂਦ ਕਮੇਟੀ ਦਾ ਕੰਮ ਸਿਆਸੀ ਮਤਭੇਦਾਂ ਤੋਂ ਅੱਗੇ ਰੱਖ ਕੇ ਅੱਗੇ ਵਧਾਉਣ ਦੀ ਗੱਲ ਕਹੀ ਗਈ ਹੈ।
ਅਮਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਅੰਦਰ ਭਾਵੇਂ ਜੋ ਵੀ ਸਿਆਸੀ ਸਮੀਕਰਨ ਹੋਣ, ਘੋਸ਼ਣਾ ਪੱਤਰ ਇੱਕ ਜ਼ਰੂਰੀ ਦਸਤਾਵੇਜ਼ ਹੈ ਅਤੇ ਇਸ ਨੂੰ ਤਿਆਰ ਕਰਨ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਤੋਂ ਮਿਲਣ ਵਾਲੇ ਸੁਝਾਵਾਂ ਦੇ ਆਧਾਰ 'ਤੇ ਸਕਾਰਾਤਮਕ ਅਤੇ ਵਿਵਹਾਰਕ ਦਸਤਾਵੇਜ਼ ਤਿਆਰ ਕੀਤਾ ਜਾਵੇਗਾ।
ਕਾਂਗਰਸ ਦੀ ਯੋਜਨਾ ਹੈ ਕਿ ਵਿਆਪਕ ਜਨ-ਸੰਪਰਕ ਜ਼ਰੀਏ ਵੱਖ-ਵੱਖ ਵਰਗਾਂ ਦੀਆਂ ਤਰਜੀਹਾਂ ਨੂੰ ਸਮਝਿਆ ਜਾਵੇ। ਇਸ ਨਾਲ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਦੇ ਤੈਅ ਕਰਨ ’ਚ ਮਦਦ ਮਿਲੇਗੀ। ਖ਼ਾਸ ਕਰਕੇ ਨੌਜਵਾਨਾਂ, ਰੁਜ਼ਗਾਰ, ਸਿੱਖਿਆ, ਕਿਸਾਨਾਂ ਅਤੇ ਉਦਯੋਗ ਨਾਲ ਜੁੜੇ ਵਿਸ਼ਿਆਂ ਨੂੰ ਘੋਸ਼ਣਾ ਪੱਤਰ ਵਿੱਚ ਕਿਸ ਤਰ੍ਹਾਂ ਸ਼ਾਮਲ ਕੀਤਾ ਜਾਂਦਾ ਹੈ, ਇਸ 'ਤੇ ਹੁਣ ਸਿਆਸੀ ਨਜ਼ਰਾਂ ਰਹਿਣਗੀਆਂ।