ਮਿਸ਼ਨ 2027 ਦੀ ਤਿਆਰੀ, ਰਾਹੁਲ ਗਾਂਧੀ ਲੈਣਗੇ ਪੰਜਾਬ ਕਾਂਗਰਸ ਦੇ ਦਿੱਗਜ ਨੇਤਾਵਾਂ ਦੀ ਮੀਟਿੰਗ; ਧੱੜੇਬੰਦੀ 'ਤੇ ਨਕੇਲ ਕੱਸਣ ਦੀ ਰਣਨੀਤੀ ਤਿਆਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਦੀ ਦਿੱਲੀ ’ਚ 19 ਅਤੇ 20 ਅਗਸਤ ਨੂੰ ਅਹਿਮ ਮੀਟਿੰਗ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਸੂਬਾ ਸੰਗਠਨ ਵਿੱਚ ਚੱਲ ਰਹੇ ਮਤਭੇਦਾਂ 'ਤੇ ਵੀ ਚਰਚਾ ਹੋ ਸਕਦੀ ਹੈ।
Publish Date: Tue, 18 Aug 2026 11:08 AM (IST)
Updated Date: Tue, 18 Aug 2026 11:12 AM (IST)
ਰਾਜ ਬਿਊਰੋ, ਜਾਗਰਣ, ਚੰਡੀਗੜ੍ਹ। ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਗੁੱਟਬਾਜ਼ੀ ਦਰਮਿਆਨ ਪਾਰਟੀ ਹਾਈਕਮਾਨ ਨੇ ਹੁਣ ਸੀਨੀਅਰ ਨੇਤਾਵਾਂ ਨੂੰ ਇੱਕਠੇ ਬਿਠਾ ਕੇ ਚੋਣ ਰਣਨੀਤੀ 'ਤੇ ਮੰਥਨ ਕਰਨ ਦੀ ਤਿਆਰੀ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਦੀ ਦਿੱਲੀ ’ਚ 19 ਅਤੇ 20 ਅਗਸਤ ਨੂੰ ਅਹਿਮ ਮੀਟਿੰਗ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਸੂਬਾ ਸੰਗਠਨ ਵਿੱਚ ਚੱਲ ਰਹੇ ਮਤਭੇਦਾਂ 'ਤੇ ਵੀ ਚਰਚਾ ਹੋ ਸਕਦੀ ਹੈ।
19 ਅਗਸਤ ਨੂੰ ਪ੍ਰਸਤਾਵਿਤ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਮੀਟਿੰਗ ’ਚ ਵੱਖ-ਵੱਖ ਰਾਜਾਂ ਵਿੱਚ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ 'ਤੇ ਚਰਚਾ ਹੋਣੀ ਹੈ। ਇਸੇ ਦੌਰਾਨ ਪੰਜਾਬ ਦੇ ਨੇਤਾਵਾਂ ਦੀ ਰਾਹੁਲ ਗਾਂਧੀ ਨਾਲ ਵੱਖਰੀ ਮੀਟਿੰਗ ਹੋਣ ਦੀ ਸੰਭਾਵਨਾ ਹੈ।
ਇਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੱਖ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੋਣ ਕੈਂਪੇਨ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ ਸਮੇਤ ਸੀਨੀਅਰ ਨੇਤਾ ਸ਼ਾਮਲ ਹੋ ਸਕਦੇ ਹਨ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਕਾਂਗਰਸ ਦੇ ਵੱਖ-ਵੱਖ ਗੁਟਾਂ ਦੇ ਪ੍ਰਮੁੱਖ ਚਿਹਰੇ ਇੱਕਠੇ ਰਾਹੁਲ ਗਾਂਧੀ ਦੇ ਸਾਹਮਣੇ ਹੋਣਗੇ। ਅਜਿਹੇ ਵਿੱਚ ਸੂਬਾ ਸੰਗਠਨ ਵਿੱਚ ਲੀਡਰਸ਼ਿਪ, ਚੋਣ ਕਮੇਟੀਆਂ ਅਤੇ ਟਿਕਟ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ 'ਤੇ ਹਾਈਕਮਾਨ ਦਾ ਰੁਖ਼ ਸਪੱਸ਼ਟ ਹੋਣ ਦੀ ਉਮੀਦ ਹੈ।
ਖ਼ਾਸਕਰ ਵੜਿੰਗ ਦੀ ਲੀਡਰਸ਼ਿਪ ਨੂੰ ਲੈ ਕੇ ਚੰਨੀ ਖੇਮੇ ਦੀ ਨਾਰਾਜ਼ਗੀ ਅਤੇ ਰੰਧਾਵਾ-ਵੜਿੰਗ ਵਿਚਕਾਰ ਹਾਲੀਆ ਮਤਭੇਦ ਵੀ ਚਰਚਾ ਵਿੱਚ ਆ ਸਕਦੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਹਫ਼ਤੇ ਰਾਹੁਲ ਗਾਂਧੀ ਤੋਂ ਪੰਜਾਬ ਦੇ ਕਰੀਬ 15 ਵਿਧਾਇਕਾਂ ਨਾਲ ਮੀਟਿੰਗ ਲਈ ਸਮਾਂ ਮੰਗਿਆ ਸੀ।
ਹੁਣ ਪ੍ਰਸਤਾਵਿਤ ਦਿੱਲੀ ਮੀਟਿੰਗ ਨੂੰ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਹਾਈਕਮਾਨ ਦੀ ਗੰਭੀਰ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਵੀ ਸੰਗਠਨਾਤਮਕ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਸਨ।
ਹਾਈਕਮਾਨ ਹੁਣ ਚੋਣਾਂ ਤੋਂ ਪਹਿਲਾਂ ਸਾਰੇ ਨੇਤਾਵਾਂ ਨੂੰ ਇੱਕਜੁੱਟ ਕਰਕੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਅਤੇ ਸਮੂਹਿਕ ਰਣਨੀਤੀ ਬਣਾਉਣ 'ਤੇ ਜ਼ੋਰ ਦੇ ਸਕਦੀ ਹੈ। ਰਾਹੁਲ ਗਾਂਧੀ ਦੇ ਅਗਸਤ ਦੇ ਆਖ਼ਰੀ ਹਫ਼ਤੇ ਪੰਜਾਬ ਦੌਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਦੀਆਂ ਸੰਭਾਵਨਾਵਾਂ ਦਰਮਿਆਨ ਦਿੱਲੀ ਦੀ ਇਹ ਮੀਟਿੰਗ ਬੇਹੱਦ ਅਹਿਮ ਮੰਨੀ ਜਾ ਰਹੀ ਹੈ।