ਚੋਣ ਤਿਆਰੀਆਂ 'ਚ ਜੁੱਟੀ ਪੰਜਾਬ ਕਾਂਗਰਸ, ਕਮੇਟੀਆਂ 'ਚ ਨਹੀਂ ਹੋਵੇਗਾ ਬਦਲਾਅ; ਸਿਰਫ਼ ਜੁੜਨਗੇ ਨਵੇਂ ਚਿਹਰੇ ਪੰਜਾਬ ਕਾਂਗਰਸ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 1 ਜੁਲਾਈ ਨੂੰ ਘੋਸ਼ਿਤ ਕੀਤੀਆਂ ਗਈਆਂ ਚੋਣ ਕਮੇਟੀਆਂ 'ਚ ਹੁਣ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ ਹੈ। ਕਾਂਗਰਸ ਸੂਤਰਾਂ ਅਨੁਸਾਰ ਚੋਣ ਕਮੇਟੀ ਦੀ ਸੂਚੀ 'ਚ ਕੁਝ ਨਾਂ ਜੋੜੇ ਜਾ ਸਕਦੇ ਹਨ। ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ 'ਚ ਲੀਡਰਸ਼ਿਪ ਤਬਦੀਲੀ ਦੀ ਮੰਗ ਨੂੰ ਲੈ ਕੇ ਜਾਰੀ ਖਿੱਚੋਤਾਣ ਦੇ ਵਿਚਕਾਰ ਪਾਰਟੀ ਹਾਈਕਮਾਨ ਨੇ ਫਿਲਹਾਲ ਮੌਜੂਦਾ ਸੰਗਠਨਾਤਮਕ ਢਾਂਚੇ 'ਚ ਕਿਸੇ ਵੀ ਫੇਰਬਦਲ ਦੇ ਸੰਕੇਤ ਨਹੀਂ ਦਿੱਤੇ ਹਨ। ਦਿੱਲੀ 'ਚ ਇਨ੍ਹੀਂ ਦਿਨੀਂ ਪੰਜਾਬ ਚੋਣਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਮੰਥਨ ਦਾ ਦੌਰ ਜਾਰੀ ਹੈ। ਪੰਜਾਬ ਦੇ ਕਈ ਵੱਡੇ ਆਗੂ ਦਿੱਲੀ 'ਚ ਹੀ ਡੇਰਾ
Publish Date: Fri, 21 Aug 2026 10:56 AM (IST)
Updated Date: Fri, 21 Aug 2026 10:59 AM (IST)
ਰਾਜ ਬਿਊਰੋ, ਜਾਗਰਣ, ਚੰਡੀਗੜ੍ਹ : ਪੰ ਜਾਬ ਕਾਂਗਰਸ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 1 ਜੁਲਾਈ ਨੂੰ ਘੋਸ਼ਿਤ ਕੀਤੀਆਂ ਗਈਆਂ ਚੋਣ ਕਮੇਟੀਆਂ 'ਚ ਹੁਣ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ ਹੈ। ਕਾਂਗਰਸ ਸੂਤਰਾਂ ਅਨੁਸਾਰ ਚੋਣ ਕਮੇਟੀ ਦੀ ਸੂਚੀ 'ਚ ਕੁਝ ਨਾਂ ਜੋੜੇ ਜਾ ਸਕਦੇ ਹਨ। ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ 'ਚ ਲੀਡਰਸ਼ਿਪ ਤਬਦੀਲੀ ਦੀ ਮੰਗ ਨੂੰ ਲੈ ਕੇ ਜਾਰੀ ਖਿੱਚੋਤਾਣ ਦੇ ਵਿਚਕਾਰ ਪਾਰਟੀ ਹਾਈਕਮਾਨ ਨੇ ਫਿਲਹਾਲ ਮੌਜੂਦਾ ਸੰਗਠਨਾਤਮਕ ਢਾਂਚੇ 'ਚ ਕਿਸੇ ਵੀ ਫੇਰਬਦਲ ਦੇ ਸੰਕੇਤ ਨਹੀਂ ਦਿੱਤੇ ਹਨ। ਦਿੱਲੀ 'ਚ ਇਨ੍ਹੀਂ ਦਿਨੀਂ ਪੰਜਾਬ ਚੋਣਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਮੰਥਨ ਦਾ ਦੌਰ ਜਾਰੀ ਹੈ। ਪੰਜਾਬ ਦੇ ਕਈ ਵੱਡੇ ਆਗੂ ਦਿੱਲੀ 'ਚ ਹੀ ਡੇਰਾ ਲਾਈ ਬੈਠੇ ਹਨ। ਪੰਜਾਬ ਮਾਮਲਿਆਂ ਦੇ ਏਆਈਸੀਸੀ ਇੰਚਾਰਜ ਭੂਪੇਸ਼ ਬਘੇਲ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਦਾ ਪੂਰਾ ਫੋਕਸ ਹੁਣ ਮੌਜੂਦਾ ਕਮੇਟੀਆਂ ਦੇ ਵਿਸਤਾਰ ਅਤੇ ਵੱਧ ਤੋਂ ਵੱਧ ਆਗੂਆਂ ਨੂੰ ਚੋਣ ਤਿਆਰੀਆਂ ਨਾਲ ਜੋੜਨ 'ਤੇ ਰਹੇਗਾ।
ਬਘੇਲ ਨੇ ਕਿਹਾ ਕਿ ਕਮੇਟੀਆਂ 'ਚ ਹੁਣ ਕੋਈ ਬਦਲਾਅ ਨਹੀਂ ਹੋਵੇਗਾ, ਸਿਰਫ਼ ਵਿਸਤਾਰ ਹੋਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਮੌਜੂਦਾ ਕਮੇਟੀਆਂ 'ਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਪਾਰਟੀ ਦੀ ਸੰਗਠਨਾਤਮਕ ਅਤੇ ਚੋਣ ਤਿਆਰੀਆਂ ਤਹਿਤ ਨਵੀਆਂ ਕਮੇਟੀਆਂ ਦਾ ਗਠਨ ਵੀ ਕੀਤਾ ਜਾ ਸਕਦਾ ਹੈ। ਬਘੇਲ ਦਾ ਇਹ ਬਿਆਨ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਗੁੱਟਬਾਜ਼ੀ ਦੇ ਵਿਚਕਾਰ ਆਇਆ ਹੈ। ਪਾਰਟੀ 'ਚ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਸਮਰਥਨ ਕਰਨ ਵਾਲੇ ਆਗੂ ਲਗਾਤਾਰ ਵੜਿੰਗ ਨੂੰ ਹਟਾਉਣ ਲਈ ਜੁੱਟੇ ਹੋਏ ਹਨ, ਜਦਕਿ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਾਲਾ ਗੁੱਟ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਵੜਿੰਗ ਨੂੰ ਪੀਪੀਸੀਸੀ ਪ੍ਰਧਾਨ ਬਣਾਈ ਰੱਖਣ ਅਤੇ ਕਈ ਚੋਣ ਸਬੰਧੀ ਕਮੇਟੀਆਂ ਦਾ ਐਲਾਨ ਕਰਨ ਤੋਂ ਬਾਅਦ ਮਤਭੇਦ ਹੋਰ ਖੁੱਲ੍ਹ ਕੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਚੰਨੀ ਦੇ ਸਮਰਥਨ 'ਚ ਕਈ ਵੱਡੇ ਆਗੂਆਂ, ਜਿਨ੍ਹਾਂ 'ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ, ਨੇ ਹਾਈਕਮਾਨ ਦੇ ਪੰਜਾਬ ਨਾਲ ਸਬੰਧਤ ਸੰਗਠਨਾਤਮਕ ਫ਼ੈਸਲਿਆਂ 'ਤੇ ਅਸੰਤੋਸ਼ ਜਤਾਇਆ ਸੀ ਅਤੇ ਪਾਰਟੀ ਹਾਈਕਮਾਨ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ। ਇਹ ਗੁੱਟ ਵੜਿੰਗ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਅਤੇ ਪਾਰਟੀ 'ਚ ਚੰਨੀ ਨੂੰ ਵਧੇਰੇ ਮਹੱਤਵਪੂਰਨ ਭੂਮਿਕਾ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ। ਬਘੇਲ ਪਹਿਲਾਂ ਵੀ ਕਈ ਵਾਰ ਮੰਚ ਤੋਂ ਸਾਫ਼ ਕਰ ਚੁੱਕੇ ਹਨ ਕਿ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੂੰ ਨਹੀਂ ਬਦਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਸਤਾਵਿਤ ਪ੍ਰੋਗਰਾਮ ਦੀ ਤਿਆਰੀ 'ਚ ਜੁੱਟੇ ਹੋਏ ਹਨ। ਬਘੇਲ ਅਨੁਸਾਰ ਪ੍ਰਸਤਾਵ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਪਾਰਟੀ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਪ੍ਰਸਤਾਵਿਤ ਯੋਜਨਾ ਅਨੁਸਾਰ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਸਰ ਤੋਂ ਬੱਸ ਯਾਤਰਾ ਸ਼ੁਰੂ ਕਰ ਸਕਦੇ ਹਨ। ਪਾਰਟੀ ਸੂਤਰਾਂ ਅਨੁਸਾਰ, ਪ੍ਰਸਤਾਵਿਤ ਯਾਤਰਾ ਦਾ ਪਹਿਲਾ ਪੜਾਅ ਅੰਮ੍ਰਿਤਸਰ ਤੋਂ ਹੁਸੈਨੀਵਾਲਾ ਤੱਕ ਹੋ ਸਕਦਾ ਹੈ। ਇਸ ਯਾਤਰਾ ਦੌਰਾਨ ਕਰੀਬ 30 ਤੋਂ 35 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾ ਸਕਦਾ ਹੈ।