
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਏ ਤੇ ਪੈਂਡਿੰਗ ਮੰਗਾਂ ਪੂਰੀਆਂ ਕਰਨ ਦੀ ਮੰਗ ’ਤੇ ਮੰਗਲਵਾਰ ਨੂੰ ਮੁਲਾਜ਼ਮ ਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਦੀ ਮੁੱਖ ਸਕੱਤਰ ਕੇਏਪੀ ਸਿਨਹਾ ਨਾਲ ਮੀਟਿੰਗ ਬੇਸਿੱਟਾ ਰਹੀ। ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਯਤਨ ਕੀਤਾ ਪਰ ਮੁਲਾਜ਼ਮ ਆਪਣੀਆਂ ਮੰਗਾਂ ’ਤੇ ਅੜੇ ਰਹੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਡੀਏ ਤੇ ਪੈਂਡਿੰਗ ਮੰਗਾਂ ਪੂਰੀਆਂ ਕਰਨ ਦੀ ਮੰਗ ’ਤੇ ਮੰਗਲਵਾਰ ਨੂੰ ਮੁਲਾਜ਼ਮ ਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਦੀ ਮੁੱਖ ਸਕੱਤਰ ਕੇਏਪੀ ਸਿਨਹਾ ਨਾਲ ਮੀਟਿੰਗ ਬੇਸਿੱਟਾ ਰਹੀ। ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਯਤਨ ਕੀਤਾ ਪਰ ਮੁਲਾਜ਼ਮ ਆਪਣੀਆਂ ਮੰਗਾਂ ’ਤੇ ਅੜੇ ਰਹੇ। ਇਸ ਕਾਰਨ ਹੁਣ ਮੁਲਾਜ਼ਮ 27 ਅਗਸਤ ਨੂੰ ਸਕੱਤਰੇਤ ਤੋਂ ਲੈ ਕੇ ਹੇਠਾਂ ਜ਼ਿਲ੍ਹਾ ਪੱਧਰ ਤੱਕ ਮੁਕੰਮਲ ਹੜਤਾਲ ’ਤੇ ਰਹਿਣਗੇ।
ਜ਼ਿਕਰੋਯਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਲਾਜ਼ਮਾਂ ਦੇ ਡੀਏ ਦਾ ਭੁਗਤਾਨ ਕਰਨ ਦੇ ਹੁਕਮ ਦੇਣ ਦੇ ਨਾਲ ਹੀ ਮੁੱਖ ਸਕੱਤਰ ਨੂੰ ਇਸ ਮਹੀਨੇ ਦੇ ਅੰਤ ਤੱਕ ਹਲਫ਼ੀਆ ਬਿਆਨ ਦੇਣ ਲਈ ਕਿਹਾ ਹੋਇਆ ਹੈ। ਅਦਾਲਤ ਦਾ ਹੁਕਮ ਨਾ ਮੰਨੇ ਜਾਣ ਕਾਰਨ ਮੁਲਾਜ਼ਮਾਂ ਨੇ ਸੂਬਾ ਸਰਕਾਰ ਤੇ ਪਾਵਰਕਾਮ ਦੇ ਐੱਮਡੀ-ਕਮ-ਸਕੱਤਰ ਖ਼ਿਲਾਫ਼ ਅਦਾਲਤ ਦਾ ਮਾਨਹਾਨੀ ਦਾ ਕੇਸ ਵੀ ਦਾਇਰ ਕਰ ਦਿੱਤਾ ਹੈ, ਜਿਸ ਦੀ ਸੁਣਵਾਈ ਸਤੰਬਰ ’ਚ ਹੋਣੀ ਹੈ।
ਪੰਜਾਬ ਸਾਂਝਾ ਮੁਲਾਜ਼ਮ ਮੰਚ ਦੇ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲ਼ ਰਹੀ ਹੈ। ਆਪਣੀਆਂ ਮੰਗਾਂ ਮੰਨਵਾਉਣ ਲਈ 27 ਅਗਸਤ ਨੂੰ ਕਰੀਬ ਤਿੰਨ ਲੱਖ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ। ਇਸੇ ਤਰ੍ਹਾਂ ਚਾਰ ਲੱਖ ਤੋਂ ਵੱਧ ਪੈਨਸ਼ਨਰ ਮੁਲਾਜ਼ਮਾਂ ਦੇ ਧਰਨਿਆਂ ’ਚ ਸ਼ਾਮਲ ਹੋਣਗੇ। ਸਕੱਤਰੇਤ ਤੋਂ ਲੈ ਕੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਤੱਕ ਕੋਈ ਕੰਮ ਨਹੀਂ ਹੋਵੇਗਾ। ਸਕੱਤਰੇਤ ਦੇ ਬਾਹਰ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਤੇ ਡਾਇਰੈਕਟੋਰੇਟ ਦਫ਼ਤਰਾਂ ’ਚ ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰਨਗੇ। ਖਹਿਰਾ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਰਹਿਣਗੀਆਂ। ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਸਰਕਾਰੀ ਸਿਹਤ ਸਭਾਵਾਂ ’ਚ ਓਪੀਡੀ ਬੰਦ ਰਹੇਗੀ ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਚਾਰ ਦਿਨ ਪ੍ਰਭਾਵਿਤ ਹੋਵੇਗਾ ਕੰਮਕਾਜ
ਮੁਲਾਜ਼ਮਾਂ ਦੀ ਹੜਤਾਲ ਕਾਰਨ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦਫ਼ਤਰ, ਤਹਿਸੀਲ ਤੇ ਰੈਵੇਨਿਊ ਵਿਭਾਗ ਪੂਰੀ ਤਰ੍ਹਾਂ ਬੰਦ ਰਹਿਣਗੇ। ਸਰਕਾਰੀ ਸਕੂਲਾਂ, ਕਾਲਜਾਂ ਦੇ ਅਧਿਆਪਕ, ਸਿਹਤ ਵਿਭਾਗ ਦੇ ਮੁਲਾਜ਼ਮ (ਓਪੀਡੀ ਸੇਵਾਵਾਂ) ਤੇ ਪਾਵਰਕਾਮ ਦੇ ਕਰਮਚਾਰੀ ਵੀ ਇਸ ਹੜਤਾਲ ਦਾ ਹਿੱਸਾ ਬਣਨਗੇ। ਇਸ ਕਾਰਨ ਰਜਿਸਟਰੀਆਂ, ਸਰਟੀਫਿਕੇਟ ਤੇ ਹੋਰ ਪ੍ਰਸ਼ਾਸਨਕ ਕੰਮਾਂ ਲਈ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 27 ਨੂੰ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ ਤੇ 28 ਨੂੰ ਰੱਖੜ ਪੁੰਨਿਆਂ (ਰੱਖੜੀ) ਦਾ ਤਿਓਹਾਰ ਹੈ ਤੇ ਅਗਲੇ ਦੋ ਦਿਨ ਸ਼ਨਿਚਰਵਾਰ ਤੇ ਐਤਵਾਰ ਹਨ। ਇਸ ਤਰ੍ਹਾਂ ਕਰੀਬ ਚਾਰ ਦਿਨਾਂ ਤੱਕ ਦਫ਼ਤਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਰਹੇਗਾ।