ਪੰਜਾਬ ਬੰਦ ਦੀ ਅਪੀਲ : ਐਮਰਜੈਂਸੀ ਸਿਹਤ ਸੇਵਾਵਾਂ ਤੇ ਏਅਰਪੋਰਟ ਯਾਤਰੀਆਂ ਨੂੰ ਛੱਡ ਕੇ ਬਾਕੀ ਸਭ ਕੁਝ ਰਹੇਗਾ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਮੇਂ ਦੀਆਂ ਸਰਕਾਰਾਂ ਤੇ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ।
Publish Date: Thu, 20 Aug 2026 02:14 PM (IST)
Updated Date: Thu, 20 Aug 2026 02:20 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਮੇਂ ਦੀਆਂ ਸਰਕਾਰਾਂ ਤੇ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ।
ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਸਿਹਤ ਸਬੰਧੀ ਐਮਰਜੈਂਸੀ ਸੇਵਾਵਾਂ, ਐਂਬੂਲੈਂਸ ਸੇਵਾ, ਏਅਰਪੋਰਟ 'ਤੇ ਜਾਣ ਤੋਂ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਇਸ ਤੋਂ ਇਲਾਵਾ ਜੰਝ ਲਿਜਾਉਣ (ਵਿਆਹ-ਸ਼ਾਦੀਆਂ), ਅੰਤਿਮ ਸੰਸਕਾਰ ਆਦਿ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਦੀ ਗੁਹਾਰ ਲਗਾਈ ਗਈ ਹੈ।
ਆਗੂਆਂ ਨੇ ਮੁਹਾਲੀ ਸਮੇਤ ਪੰਜਾਬ ਭਰ ਵਿਚ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਫੈਕਟਰੀਆਂ, ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ, ਸਿਰਫ਼ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਪੰਜਾਬ ਬੰਦ ਦੌਰਾਨ 21 ਅਗਸਤ ਨੂੰ ਸ਼ਾਂਤਮਈ ਪੰਜਾਬ ਬੰਦ ਲਈ ਪੰਜਾਬੀਆਂ ਤੋਂ ਸਹਿਯੋਗ ਦੀ ਜ਼ੋਰਦਾਰ ਮੰਗਦਿਆਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਅਦਾਰੇ ਮੁਕੰਮਲ ਬੰਦ ਰੱਖਣ ਲਈ ਅਪੀਲ ਕੀਤੀ ਹੈ।
ਮੋਰਚੇ ਨਾਲ ਜੁੜੀਆਂ ਪੰਥਕ ਪਾਰਟੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਪੰਥਕ ਧਿਰਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਪੰਜਾਬੀਆਂ ਦਾ ਸਾਥ ਲੈ ਕੇ ਆਪਸੀ ਸਹਿਮਤੀ ਨਾਲ ਪੰਜਾਬ ਬੰਦ ਨੂੰ ਸਫ਼ਲ ਬਣਾਉਣ।