ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ 14 ਤੱਕ ਹੜਤਾਲ ਮੁਲਤਵੀ, ਸਾਰਾ ਦਿਨ ਯਾਤਰੀ ਖੱਜਲ ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ 14 ਅਗਸਤ ਤੱਕ ਹੜਤਾਲ ਮੁਲਤਵੀ,
Publish Date: Tue, 04 Aug 2026 07:55 PM (IST)
Updated Date: Wed, 05 Aug 2026 04:11 AM (IST)
ਫੋਟੋ ਕੈਪਸ਼ਨ : ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੰਦੇ ਹੋਏ ਟਰਾਂਸਪੋਰਟ ਵਿਭਾਗ ਦੇ ਠੇਕਾ ਤੇ ਆਊਟਸੋਰਸ ਕਰਮਚਾਰੀ। 14ਪੀ * ਯੂਨੀਅਨ ਆਗੂਆਂ ਦੀ ਸੀਐੱਮ ਹਾਊਸ ’ਚ ਹੋਈ ਬੈਠਕ ਵਿਚ ਭਰੋਸੇ ਮਗਰੋਂ ਲਿਆ ਫ਼ੈਸਲਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਠੇਕਾ ਅਤੇ ਆਊਟਸੋਰਸ ਕਰਮਚਾਰੀਆਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਪਹੀਆ ਜਾਮ ਰਿਹਾ, ਜਿਸ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਖ਼ਾਸ ਕਰ ਕੇ ਨੌਕਰੀਪੇਸ਼ਾਂ ਵਿਅਕਤੀਆਂ ਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਨੈਸ਼ਨਲ ਹਾਈਵੇ, ਐਲੀਵੇਟਿਡ ਰੋਡ ਤੇ ਫਲਾਈਓਵਰ ਉੱਤੇ ਵੀ ਰਾਹਗੀਰ ਜਾਮ ਵਿਚ ਫਸੇ ਰਹੇ। ਵਾਹਨਾਂ ਦੀਆਂ ਦੂਰ-ਦੂਰ ਤੱਕ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਕਾਬਿਲੇਗੌਰ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਬਾਹਰਲੇ ਜ਼ਿਲ੍ਹਿਆਂ ਦੇ ਲੋਕ ਤੇ ਔਰਤਾਂ ਨੌਕਰੀ ਕਰਦੀਆਂ ਹਨ, ਜੋ ਰੋਜ਼ਾਨਾ ਹੀ ਸਵੇਰੇ ਅਤੇ ਸ਼ਾਮ ਨੂੰ ਬੱਸਾਂ ਵਿਚ ਆਉਂਦੇ ਜਾਂਦੇ ਹਨ। ਉਧਰ, ਵੇਰਕਾ ਚੌਕ ਨੇੜੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬੱਸ ਟਰਮੀਨਲ ’ਤੇ ਪੰਜਾਬ ਭਰ ਦੇ ਠੇਕਾ ਅਤੇ ਆਊਟਸੋਰਸ ਕਰਮਚਾਰੀਆਂ ਨੇ ਸੂਬਾ ਪੱਧਰੀ ਧਰਨਾ ਦਿੱਤਾ ਅਤੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਰੱਜ ਕੇ ਕੋਸਿਆ। ਅੱਜ ਸਵੇਰੇ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਠੇਕਾ ਕਰਮਚਾਰੀ ਮੁਹਾਲੀ ਬੱਸ ਅੱਡੇ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ, ਦੁਪਹਿਰ ਤੱਕ ਵੱਡੀ ਭੀੜ ਜਮ੍ਹਾਂ ਹੋ ਗਈ। ਹਾਲਾਂਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਸੀਐੱਮ ਮਾਨ ਦੀ ਸਰਕਾਰੀ ਰਿਹਾਇਸ਼ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ ਪ੍ਰੰਤੂ ਐਨ ਮੌਕੇ ਮੁਹਾਲੀ ਪ੍ਰਸ਼ਾਸਨ ਨੇ ਨਿੱਜੀ ਦਖ਼ਲ ਦੇ ਕੇ ਚੰਡੀਗੜ੍ਹ ਵੱਲ ਮਾਰਚ ਰੋਕ ਦਿੱਤਾ ਅਤੇ ਪ੍ਰਦਰਸ਼ਨਕਾਰੀ ਯੂਨੀਅਨਾਂ ਦੇ ਮੋਹਰੀ ਆਗੂਆਂ ਦੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਵਾਈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਦੌਰਾਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਹਾਂ-ਪੱਖੀ ਰਵੱਈਆ ਅਪਣਾਇਆ ਗਿਆ, ਜਿਸ ਤੋਂ ਬਾਅਦ ਸੀਐੱਮ ਹਾਊਸ ਦੇ ਘਿਰਾਓ ਦਾ ਪ੍ਰੋਗਰਾਮ ਟਾਲਿਆ ਗਿਆ। ਸਰਕਾਰ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ, ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ 14 ਅਗਸਤ ਨੂੰ ਪੈਨਲ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਵਿਸ ਰੂਲ ਤਿਆਰ ਕਰਕੇ 11 ਅਗਸਤ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਪਾਸ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ 14 ਅਗਸਤ ਤੱਕ ਇੰਤਜ਼ਾਰ ਕੀਤਾ ਜਾਵੇਗਾ। ਜੇਕਰ ਟਰਾਂਸਪੋਰਟ ਮੰਤਰੀ ਅਤੇ ਪ੍ਰਸ਼ਾਸਨ ਨੇ ਮੀਟਿੰਗ ਦੌਰਾਨ ਉਪਰੋਕਤ ਫ਼ੈਸਲਿਆਂ ਨੂੰ ਲਾਗੂ ਨਾ ਕੀਤਾ ਤਾਂ 14 ਅਗਸਤ ਨੂੰ ਹੀ ਦੁਬਾਰਾ ਮੁਕੰਮਲ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਗਸਤ (ਆਜ਼ਾਦੀ ਦਿਹਾੜੇ) ਦੇ ਸਰਕਾਰੀ ਸਮਾਗਮਾਂ ਦੌਰਾਨ ਮੁੱਖ ਮੰਤਰੀ ਅਤੇ ਬਾਕੀ ਮੰਤਰੀਆਂ ਦੇ ਪ੍ਰੋਗਰਾਮਾਂ ਵਿਚ ਖੱਲਲ ਪਾਇਆ ਜਾਵੇਗਾ।