- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਾਂਗਰਸ ’ਚ ਧੜੇਬਾਜ਼ੀ ਖ਼ਤਮ ਕਰਨ ਲਈ ਬੁੱਧਵਾਰ ਦੇਰ ਸ਼ਾਮ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਦੀ ਟੀਮ ਇਕਜੁੱਟਤਾ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ ਤੇ ਜਿੱਤੇਗੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਧੜੇਬਾਜ਼ੀ ਖ਼ਤਮ ਕਰਨ ਲਈ ਬੁੱਧਵਾਰ ਦੇਰ ਸ਼ਾਮ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਦੀ ਟੀਮ ਇਕਜੁੱਟਤਾ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ ਤੇ ਜਿੱਤੇਗੀ। ਰਾਹੁਲ ਗਾਂਧੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਵੀਰਵਾਰ ਨੂੰ ਮੁੜ ਦਿੱਲੀ ਵਿਖੇ ਮੀਟਿੰਗ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ ਨਿਪਟਾਉਣ ਤੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਮੰਗਲਵਾਰ ਨੂੰ ਮੀਟਿੰਗ ਸੱਦੀ ਸੀ। ਪਰ ਦਿੱਲੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਕਾਂਗਰਸ ਦੇ ਧਰਨੇ ਦੌਰਾਨ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਮੀਟਿੰਗ ਬੁੱਧਵਾਰ ਨੂੰ ਹੋਈ। ਇਸ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਨਾਰਾਜ਼ ਧੜੇ ਸਮੇਤ ਸਾਰੇ ਆਗੂ ਹਾਜ਼ਰ ਹੋਏ।
ਮੀਟਿੰਗ ਤੋਂ ਬਾਅਦ ਭੁਪੇਸ਼ ਬਘੇਲ ਨੇ ਦੱਸਿਆ ਕਿ ਪਾਰਟੀ ਦੇ ਸੰਗਠਨ ਸਕੱਤਰ ਕੇਸੀ ਵੇਣੂਗੋਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਹਾਜ਼ਰ ਸਨ। ਮੀਟਿੰਗ ’ਚ ਅਗਾਮੀ ਵਿਧਾਨ ਸਭਾ ਚੋਣਾਂ, ਪਾਰਟੀ ਦੀ ਰਣਨੀਤੀ ਤੇ ਵੱਖ-ਵੱਖ ਰਾਜਸੀ ਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਟੀਮ ਇਕਜੁੱਟਤਾ ਨਾਲ ਪੰਜਾਬ ਦੇ ਲੋਕਾਂ ਲਈ ਲੜ਼ੇਗੀ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤੇਗੀ। ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ, ਰਾਹੁਲ ਗਾਂਧੀ, ਮਲਿਕਾ ਅਰਜਨ ਖੜਗੇ ਤੇ ਪ੍ਰਿਅੰਕਾ ਵਾਡਰਾ ਤੋ ਸਮਾਂ ਲੈ ਕੇ ਕੀਤੀ ਜਾਵੇਗੀ। ਚੋਣ ਮੁਹਿੰਮ ਦੀ ਸ਼ੁਰੂਆਤ ਇਸੇ ਮਹੀਨੇ ਕਰ ਦਿੱਤੀ ਜਾਵੇਗੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ’ਚ ਹੋਈ ਹੈ। ਸਾਰੇ ਆਗੂਆਂ ਨੇ ਪ੍ਰਣ ਲਿਆ ਕਿ ਉਹ ਇਕਜੁੱਟ ਹੋ ਕੇ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਪਰਿਵਾਰ ’ਚ ਕੋਈ ਨਾਰਾਜ਼ ਨਹੀ ਹੁੰਦਾ, ਪਰਿਵਾਰ ਹਮੇਸ਼ਾ ਇਕੱਠਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਰਾਹੁਲ ਗਾਂਧੀ ਕਰਨਗੇ।
ਮੋਢੇ ਨਾਲ ਮੋਢਾ ਜੋੜਕੇ ਬੈਠੇ ਵੜਿੰਗ ਤੇ ਚੰਨੀ
ਪਿਛਲੇ ਕੁੱਝ ਦਿਨਾਂ ਤੋਂ ਦੂਰੀਆਂ ਬਣਾ ਕੇ ਚੱਲ ਰਹੇ ਕਾਂਗਰਸੀ ਨੇਤਾ ਬੁੱਧਵਾਰ ਨੂੰ ਇਕ ਮੰਚ ’ਤੇ ਇਕੱਠੇ ਬੈਠੇ ਨਜ਼ਰ ਆਏ। ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਇੰਦਰਾ ਭਵਨ ’ਚ ਹੋਈ ਬੈਠਕ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਨਜ਼ਰ ਆਏ। ਹਾਲਾਂਕਿ ਵੜਿੰਗ ਦੀ ਪ੍ਰਧਾਨਗੀ ਦਾ ਵਿਰੋਧ ਕਰਦੇ ਰਹੇ ਚੰਨੀ ਧੜੇ ਨੇ ਕਿਹਾ ਸੀ ਕਿ ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਜਿਸ ’ਚ ਰਾਜਾ ਵੜਿੰਗ ਸ਼ਾਮਲ ਹੋਣਗੇ ਪਰ ਬੁੱਧਵਾਰ ਨੂੰ ਹੋਈ ਮੀਟਿੰਗ ’ਚ ਤਸਵੀਰ ਉਲਟੀ ਨਜ਼ਰ ਆਈ। ਮੀਟਿੰਗ ਦੌਰਾਨ ਚੰਨੀ ਤੇ ਵੜਿੰਗ ਇਕੱਠੇ ਬੈਠੇ ਸਨ। ਇਸ ਤੋਂ ਇਲਾਵਾ ਚੰਨੀ ਧੜੇ ਦੇ ਸਾਰੇ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੜਿੰਗ ਤੋਂ ਮੂੰਹ ਮੋੜੇ ਹੋਏ ਸਨ।