ਹਾੜ੍ਹੀ 2026-27: ਤਸਦੀਕਸ਼ੁਦਾ ਬੀਜ ’ਤੇ ਸਬਸਿਡੀ ਲੈਣ ਤੋਂ ਵਾਂਝਾ ਨਾ ਰਹੇ ਕੋਈ ਕਿਸਾਨ : ਬਰਾੜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪਬਲਿਕ ਨੋਟਿਸ ਜਾਰੀ
Publish Date: Mon, 26 Oct 2026 10:03 PM (IST)
Updated Date: Tue, 27 Oct 2026 04:05 AM (IST)
- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪਬਲਿਕ ਨੋਟਿਸ ਜਾਰੀ - ਕਿਸਾਨਾਂ ਦੀ ਸਹੂਲਤਾਂ ਲਈ ਸਬੰਧਤ ਖੇਤੀ ਅਫ਼ਸਰ ਦੇ ਨਾਮ ਤੇ ਮੋਬਾਈਲ ਨੰਬਰ ਜਾਰੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਸਬਸਿਡੀ ’ਤੇ ਕਣਕ ਦਾ ਬੀਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਜੋ ਕੋਈ ਕਿਸਾਨ ਤਸਦੀਕਸ਼ੁਦਾ ਬੀਜ ਤੇ ਸਬਸਿਡੀ ਲੈਣ ਤੋਂ ਵਾਂਝਾ ਨਾ ਰਹੇ। ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਵੱਲੋਂ ਖੇਤੀ ਲਾਗਤਾਂ ਨੂੰ ਘਟਾਉਣ ਅਤੇ ਕਿਸਾਨਾਂ ਤੱਕ ਮਿਆਰੀ ਤੇ ਪ੍ਰਮਾਣਿਤ ਬੀਜ ਪਹੁੰਚਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਕਣਕ ਦੇ ਤਸਦੀਕਸ਼ੁਦਾ ਬੀਜਾਂ ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇਗੀ। ਕੋਈ ਵੀ ਕਿਸਾਨ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ। ਇਸ ਸਬੰਧੀ ਬਾਕਇਦਾ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ (ਵਿਸਥਾਰ ਤੇ ਸਿਖਲਾਈ) ਡਾ. ਕਰਨਜੀਤ ਸਿੰਘ ਗਿੱਲ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਐੱਨਐੱਸਐੱਸਐੱਮ ਸੀਡ ਕੰਪੋਨੈਂਟਸ ਸਕੀਮ ਅਧੀਨ ਯੋਗ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਜਾਂ ਵੱਧ ਤੋਂ ਵੱਧ 2,000 ਰੁਪਏ ਪ੍ਰਤੀ ਕਿਸਾਨ ਤੱਕ ਦੀ ਆਰਥਿਕ ਮਦਦ ਮਿਲੇਗੀ। ਇਸ ਤਰ੍ਹਾਂ ਕਿਸਾਨ ਨੂੰ ਹੁਣ ਸਬਸਿਡੀ ਲੈਣ ਲਈ ਵੀ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਉਂਕਿ ਕਣਕ ਦਾ ਬੀਜ ਦੇਣ ਸਮੇਂ ਸਬੰਧਤ ਕਿਸਾਨ ਕੋਲੋਂ ਸਬਸਿਡੀ ਦੇ ਪੈਸੇ ਘਟਾ ਕੇ ਹੀ ਬਾਕੀ ਰਸਮੀ ਵਸੂਲੀ ਜਾਵੇਗੀ। ਇਹ ਰਾਹਤ ਵੱਧ ਤੋਂ ਵੱਧ ਇਕ ਹੈੱਕਟੇਅਰ ਰਕਬੇ (ਇਕ ਕੁਇੰਟਲ ਬੀਜ) ਦੀ ਖ਼ਰੀਦ ਤੇ ਹੀ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਬੀਜ ਖ਼ਰੀਦਣ ਸਮੇਂ ਕਿਸਾਨਾਂ ਨੂੰ ਸਬਸਿਡੀ ਦੀ ਰਕਮ ਘਟਾ ਕੇ ਹੀ ਬੀਜ ਮੁਹੱਈਆ ਕਰਵਾਇਆ ਜਾਵੇਗਾ। ਇਹ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈਸੀਏਆਰ ਵੱਲੋਂ ਪ੍ਰਵਾਣਿਤ ਉਨ੍ਹਾਂ ਕਿਸਮਾਂ ਤੇ ਹੀ ਮਿਲੇਗੀ ਜੋ 10 ਸਾਲਾਂ ਤੋਂ ਘੱਟ ਪੁਰਾਣੀਆਂ ਹਨ। ਕੁੱਲ 2.42 ਲੱਖ ਕੁਇੰਟਲ ਤਸਦੀਕਸ਼ੁਦਾ ਬੀਜ ਲਈ ਇਹ ਸਬਸਿਡੀ ਲਾਗੂ ਹੋਵੇਗੀ। ਇਹ ਲਾਭ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ਤੇ ਦਿੱਤਾ ਜਾਵੇਗਾ। ਬਾਕਸ : ਸਬਸਿਡੀ ਪ੍ਰਾਪਤ ਕਰਨ ਦੀ ਸਰਲ ਪ੍ਰਕਿਰਿਆ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਬਸਿਡੀ ਦਾ ਲਾਭ ਲੈਣ ਲਈ ਕਿਸਾਨ ਆਪਣੇ ਆਧਾਰ ਕਾਰਡ ਸਮੇਤ ਖੇਤੀਬਾੜੀ ਵਿਭਾਗ ਦੇ ਬਲਾਕ ਜਾਂ ਜ਼ਿਲ੍ਹਾ ਦਫ਼ਤਰਾਂ ’ਚ ਸੰਪਰਕ ਕਰ ਸਕਦੇ ਹਨ। ਅਧਿਕਾਰੀ ਆਨਲਾਈਨ ਪੋਰਟਲ www.agrimachinerypb.com ਰਾਹੀਂ ਆਧਾਰ ਨੰਬਰ ਦਰਜ ਕਰਕੇ ਓਟੀਪੀ ਵੈਰੀਫਿਕੇਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਅਨਾਜ ਖ਼ਰੀਦ ਪੋਰਟਲ ਤੇ ਰਜਿਸਟਰਡ ਕਿਸਾਨ ਹੀ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ। ਬਾਕਸ: ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਪਿਛਲੇ 2 ਸਾਲਾਂ ਅੰਦਰ ਇਸ ਸਕੀਮ ਦਾ ਲਾਭ ਲਿਆ ਹੈ, ਉਹ ਇਸ ਵਾਰ ਅਪਲਾਈ ਨਹੀਂ ਕਰ ਸਕਣਗੇ। ਕਿਸੇ ਵੀ ਸਮੱਸਿਆ ਜਾਂ ਜਾਣਕਾਰੀ ਲਈ ਸਬੰਧਤ ਕਿਸਾਨ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਵਿਭਾਗ ਨੇ ਕਿਸਾਨਾਂ ਦੀ ਸਹੂਲਤਾਂ ਲਈ ਸਬੰਧਤ ਖੇਤੀਬਾੜੀ ਅਫ਼ਸਰ ਦੇ ਨਾਮ ਅਤੇ ਮੋਬਾਈਲ ਨੰਬਰ ਵੀ ਜਾਰੀ ਕੀਤੇ ਗਏ ਹਨ।