ਪੁਆਧੀ ਪੰਜਾਬੀ ਸੱਥ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ ਪੁਆਧੀ ਪੰਜਾਬੀ ਸੱਥ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
Publish Date: Sun, 29 Nov 2026 06:54 PM (IST)
Updated Date: Sun, 29 Nov 2026 06:58 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 23ਵਾਂ ਸਾਲਾਨਾ ਸਨਮਾਨ ਸਮਾਗਮ-2026 ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਭਰਵੀਂ ਹਾਜ਼ਰੀ ’ਚ ਮਨਾਇਆ ਗਿਆ। ਪ੍ਰਧਾਨਗੀ ਮੰਡਲ ’ਚ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਡਾ. ਮਨਮੋਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਮੀਤ ਸਿੰਘ, ਡਾ. ਤੇਗ ਬਹਾਦਰ ਸਿੰਘ (ਸੋਹਾਣਾ), ਸਮਾਜ-ਸੇਵੀ ਨਿਰਮਲ ਸਿੰਘ ਤੰਗੋਰੀ ਤੇ ਸੱਥ ਦੇ ਮੁਖੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਸ਼ਾਮਲ ਹੋਏ। ਸਮਾਗਮ ਦੇ ਆਰੰਭ ’ਚ ਕਾਲਜ ਦੀ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਵੱਲੋਂ ਸੁਆਗਤੀ ਸ਼ਬਦ ਡਾ. ਸੁਖਵਿੰਦਰ ਸਿੰਘ ਨੇ ਪੇਸ਼ ਕੀਤੇ। ਡਾ. ਸਿਮਰਜੀਤ ਕੌਰ ਨੇ ਸਾਹਿਤਕ ਗੀਤ ਤੇ ਜਸਵਿੰਦਰ ਕੌਰ ਨੇ ਲੋਕ ਗੀਤ ਗਾ ਕੇ ਮਾਹੌਲ ਨੂੰ ਸਰਸ਼ਾਰ ਕੀਤਾ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਜੀ ਆਇਆਂ ਆਖਿਆ ਤੇ ਸੱਥ ਦੇ ਸਮਾਗਮ ਬਾਰੇ ਢੁਕਵੇਂ ਸ਼ਬਦਾਂ ਰਾਹੀਂ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਆਧ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮਾ. ਸਰੂਪ ਸਿੰਘ ਨੰਬਰਦਾਰ ਪੁਰਸਕਾਰ ਉੱਘੇ ਚਿੱਤਰਕਾਰ ਅਮਰਾਓ ਸਿੰਘ ਗਿੱਲ (ਚਿੱਲਾ) ਨੂੰ ਦਿੱਤਾ ਜੋ ਯੂਐਸਏ ਤੋਂ ਆਏ। ਜੱਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਉੱਘੇ ਸ਼ਾਇਰ ਪਰਮਿੰਦਰ ਸੋਢੀ ਜੋ ਵਿਸ਼ੇਸ਼ ਤੌਰ ‘ਤੇ ਜਾਪਾਨ ਤੋਂ ਆਏ ਨੂੰ ਦਿੱਤਾ ਗਿਆ। ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ ਨਾਵਲਕਾਰ ਨਕਸ਼ਦੀਪ ਪੰਜਕੋਹਾ ਨੂੰ ਦਿੱਤਾ, ਜੋ ਅਮਰੀਕਾ ਤੋਂ ਸੱਥ ਦੇ ਸੱਦੇ ’ਤੇ ਪੁੱਜੇ। ਉੱਘੇ ਕਿੱਸਾ ਗਾਇਕ ਹਰਪਾਲ ਸਿੰਘ ਪਾਲਾ (ਮਾਣਕਪੁਰ ਸ਼ਰੀਫ਼) ਨੂੰ ਮਾ. ਰਘਬੀਰ ਸਿੰਘ ਬੈਦਵਾਨ ਪੁਰਸਕਾਰ ਦਿੱਤਾ ਗਿਆ। ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਪੰਜਾਬੀ ਲੇਖਿਕਾ ਮਨਜੀਤ ਕੌਰ ਮੀਤ (ਮਲੋਆ) ਨੂੰ ਪ੍ਰਦਾਨ ਕੀਤਾ। ਪੁਸਤਕ ਪੁਰਸਕਾਰ ਜ਼ੈਲਦਾਰ ਸਿੰਘ ਹਸਮੁਖ ਦੀ ਪੁਸਤਕ ‘ਬੀਤੇ ਸਭਿਆਚਾਰ ਦਾ ਕਾਵਿ-ਕੋਸ਼’ ਨੂੰ ਦਿੱਤਾ। ਪੁਆਧੀ ਵਿਦਵਾਨ ਪੁਰਸਕਾਰ ਗਿਆਨੀ ਧਰਮ ਸਿੰਘ ਭੰਖਰਪੁਰ ਦੀ ਝੋਲੀ ਪਾਇਆ ਗਿਆ। ਦੱਸਣਯੋਗ ਹੈ ਕਿ ਸੱਥ 2004 ਤੋਂ ਹੁਣ ਤੱਕ 131 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ ਅਤੇ ਸੱਥ ਪੁਆਧ ਖੇਤਰ ਬਾਰੇ 15 ਖੋਜ ਪੁਸਤਕਾਂ ਪ੍ਰਕਾਸਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਨੇ ਸ਼ੁਕਰਾਨਾ ਕਰਦਿਆਂ, ਸੱਥ ਦੇ ਸਨਮਾਨ ਨੂੰ ਯਾਦਗਾਰੀ ਆਖਿਆ। ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਸੱਥ ਦੇ ਕਾਰਜਾਂ ’ਤੇ ਚਾਨਣਾ ਪਾਇਆ ਤੇ ਮਨਮੋਹਨ ਸਿੰਘ ਦਾਊਂ ਨੂੰ ਪਾਰਸ ਦੀ ਉਪਾਧੀ ਦੇ ਕੇ ਵਡਿਆਇਆ। ਇਸ ਮੌਕੇ ਪੁਰਸਕਾਰ ਦੇਣ ਵਾਲੇ ਪੰਜ ਪਰਿਵਾਰਾਂ, ਪ੍ਰਧਾਨਗੀ ਮੰਡਲ, ਸੱਥ ਦੇ ਮੈਂਬਰਾਂ, ਕਾਲਜ ਦੇ ਪ੍ਰਿੰਸੀਪਲ ਅਤੇ ਸਮਾਗਮ ਦੇ ਕਨਵੀਨਰ ਡਾ. ਸੁਖਵਿੰਦਰ ਸਿੰਘ ਨੂੰ ਸੱਥ ਵੱਲੋਂ ਯਾਦ-ਚਿੰਨ੍ਹ ਦਿੱਤੇ ਗਏ। ਮੰਚ ਸੰਚਾਲਨ ਬਾਖ਼ੂਬੀ ਪ੍ਰਿੰ. ਗੁਰਮੀਤ ਸਿੰਘ ਖਰੜ ਨੇ ਕੀਤਾ। ਅੰਤ ’ਚ ਸੱਥ ਦਾ ਸੋਵੀਨਰ ਵੰਡਿਆ ਗਿਆ। ਇਸ ਸਮਾਗਮ ’ਚ ਪੰਜਾਬ ਭਰ ਤੋਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।