ਲੋੜਵੰਦ ਲੜਕੀ ਦੇ ਵਿਆਹ ਲਈ ਨਿੱਤ ਵਰਤੋਂ ਦਾ ਘਰੇਲੂ ਸਮਾਨ ਦਿੱਤਾ ਲੋੜਵੰਦ ਲੜਕੀ ਦੇ ਵਿਆਹ ਲਈ ਨਿੱਤ ਵਰਤੋਂ ਦਾ ਘਰੇਲੂ ਸਮਾਨ ਦਿੱਤਾ
Publish Date: Thu, 15 Oct 2026 08:46 PM (IST)
Updated Date: Thu, 15 Oct 2026 08:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮਨੁੱਖਤਾ ਦੀ ਸੇਵਾ, ਆਪਸੀ ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਰਪਿਤ ਪਨਵਾਇਰ ਕੀਰਤਨ ਮੰਡਲੀ ਵੱਲੋਂ ਇਕ ਅਜਿਹੀ ਲੋੜਵੰਦ ਧੀ ਕੁਮਾਰੀ ਤਮੰਨਾ ਦੇ ਵਿਆਹ ਲਈ ਸ਼ਗਨ ਸਮੱਗਰੀ ਦਿੱਤੀ ਗਈ। ਜਿਸ ਦੇ ਮਾਤਾ-ਪਿਤਾ ਪ੍ਰਲੋਕ ਸੁਧਾਰ ਚੁੱਕੇ ਹਨ। ਇਸ ਨੇਕ ਕਾਰਜ ਵਿਚ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈੱਲਫੇਅਰ ਸੁਸਾਇਟੀ ਮੁਹਾਲੀ, ਮਾਂ ਅੰਨਪੂਰਨਾ ਸੰਸਥਾ ਅਤੇ ਸੋਸ਼ਲ ਸਬਸਟਾਂਸ, ਚੰਡੀਗੜ੍ਹ ਨੇ ਸਹਿਯੋਗ ਦੇ ਕੇ ਸਮਾਜ ਸੇਵਾ ਦੀ ਇਕ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ। ਇਸ ਸਾਂਝੇ ਉਪਰਾਲੇ ਦਾ ਮੁੱਖ ਉਦੇਸ਼ ਲੋੜਵੰਦ ਲੜਕੀ ਦੇ ਵਿਆਹ ਮੌਕੇ ਉਸ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨਾ ਅਤੇ ਉਸ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਲਈ ਸਹਾਰਾ ਬਣਨਾ ਸੀ। ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੜਕੀ ਨੂੰ ਵਿਆਹ ਅਤੇ ਨਵੇਂ ਘਰ ਦੀ ਸ਼ੁਰੂਆਤ ਲਈ ਨਿੱਤ ਵਰਤੋਂ ਦਾ ਘਰੇਲੂ ਅਤੇ ਹੋਰ ਜ਼ਰੂਰੀ ਸਮੱਗਰੀ ਭੇਟ ਕੀਤੀ ਗਈ। ਪੰਜਾਬ ਰਾਜ ਰੈੱਡ ਕਰਾਸ ਸ਼ਾਖਾ ਦੇ ਸੇਵਾਮੁਕਤ ਉਪ ਸਕੱਤਰ ਅਤੇ ਸੰਸਥਾ ਦੇ ਚੇਅਰਮੈਨ ਕੇ.ਕੇ. ਸੈਣੀ ਨੇ ਕਿਹਾ ਕਿ ਮਾਤਾ-ਪਿਤਾ ਤੋਂ ਵਾਂਝੀ ਇਸ ਲੜਕੀ ਦੇ ਵਿਆਹ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਾਨੀ ਸੱਜਣਾਂ ਦਾ ਅੱਗੇ ਆਉਣਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਦੋਂ ਹੁੰਦੀ ਹੈ, ਜਦੋਂ ਅਸੀਂ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣੀਆਂ ਸਮਝ ਕੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਾਂ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਲਹਿੰਗਾ ਅਤੇ ਜਿਊਲਰੀ, ਸੂਟ, ਰਸੋਈ ਦੇ ਬਰਤਨ, ਵਿਆਹ ਲਈ ਲੋੜੀਂਦਾ ਰਾਸ਼ਨ, ਬੈੱਡ, ਗੱਦੇ, ਸਿਰਹਾਣੇ, ਕੰਬਲ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਦਿੱਤਾ ਗਿਆ। ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਪ੍ਰੋ. ਸੰਤੋਸ਼ ਸ਼ਰਮਾ, ਸ੍ਰੀਮਤੀ ਸੀ.ਐਲ. ਗਰਗ, ਨੰਦ ਲਾਲ, ਸੁਰਿੰਦਰ ਚੁੱਘ ਸਮੇਤ ਹੋਰ ਦਾਨੀ ਸੱਜਣਾਂ ਨੇ ਯੋਗਦਾਨ ਪਾਇਆ। ਇਸ ਮੌਕੇ ਪਨਵਾਇਰ ਕੀਰਤਨ ਮੰਡਲੀ ਦੀ ਮੈਂਬਰਾਂ ਆਸ਼ਾ ਸ਼ਰਮਾ, ਪ੍ਰੋਮਿਲਾ, ਆਸ਼ਾ ਸੈਣੀ, ਪੰਕਜ, ਅਹੰਨਾ, ਰੀਟਾ ਅਤੇ ਸੋਨੀਆ ਹਾਜ਼ਰ ਸਨ। ਇਸ ਤੋਂ ਇਲਾਵਾ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ, ਨਰੇਸ਼ ਵਰਮਾ, ਰਜਿੰਦਰ ਕੁਮਾਰ, ਵਲੰਟੀਅਰ ਹਰਿੰਦਰ ਪਾਲ ਸਿੰਘ, ਬ੍ਰਿਜ ਮੋਹਨ ਜੋਸ਼ੀ, ਸ੍ਰੀਮਤੀ ਅਨੀਤਾ ਜੋਸ਼ੀ ਸਮੇਤ ਹੋਰ ਸਹਿਯੋਗੀ ਵੀ ਮੌਜੂਦ ਸਨ।